
ਫਰਾਂਸ, (PRIME INDIAN NEWS) :- ਫਰਾਂਸ ‘ਚ ਦਿਲ ਦਾ ਦੌਰਾ ਪੈਣ ਕਾਰਨ 3 ਪੰਜਾਬੀਆਂ ਦੀ ਮੌਤ ਹੋ ਗਈ। ਇਸ ਬਾਰੇ ਮਨੁੱਖੀ ਅਧਿਕਾਰਾਂ ਦੀ ਸਮਾਜ ਸੇਵੀ ਸੰਸਥਾ (ਔਰਰ-ਡਾਨ) ਦੇ ਮੁੱਖੀ ਸ. ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ ਦੱਸਿਆ ਕਿ ਪੰਜਾਬ ਦੇ ਰਾਜਪੁਰਾ ਦੇ ਵਸਨੀਕ ਪ੍ਰਿੰਸਪਾਲ ਸਿੰਘ ਦੀ ਮੌਤ ਅਗਸਤ ਦੇ ਪਹਿਲੇ ਹਫ਼ਤੇ ਪਬਲਿਕ ਪਾਰਕ ਵਿਚ ਹੋਈ, ਜਦਕਿ ਮੋਗਾ ਦੇ ਵਸਨੀਕ ਮੱਖਣ ਸਿੰਘ ਪੁੱਤਰ ਮੁਲਕ ਰਾਜ ਦੀ ਮੌਤ ਉਸ ਦੇ ਘਰ ਵਿਚ ਹੀ 18 ਅਗਸਤ ਨੂੰ ਹੋਈ ਅਤੇ ਟਾਂਡਾ ਰਾਮ ਸਹਾਏ ਦੇ ਗੁਰਪ੍ਰੀਤ ਸਿੰਘ ਉਰਫ ਸੋਨੀ ਦੀ ਮੌਤ ਹਰ ਵਕਤ ਘਰੋਂ ਬਾਹਰ ਸੜਕ ਕਿਨਾਰੇ ਸੋਣ ਕਾਰਨ 24 ਅਗਸਤ ਨੂੰ ਹੋਈ ਦੱਸੀ ਜਾ ਰਹੀ ਹੈ।
ਸ. ਭੱਟੀ ਨੇ ਦੱਸਿਆ ਕਿ ਇਨ੍ਹਾਂ ਦੇ ਸਬੰਧਿਤ ਪਰਿਵਾਰਾਂ ਦੀ ਰਜਾਮੰਦੀ ਉਪਰੰਤ ਇਨ੍ਹਾਂ ਤਿੰਨਾਂ ਦਾ ਸਸਕਾਰ ਫਰਾਂਸ ਵਿਚ ਹੀ ਸਤੰਬਰ ਦੇ ਅਖੀਰਲੇ ਦਿਨਾਂ ਵਿਚ ਸੰਸਥਾ ‘ਔਰਰ ਡਾਨ’ ਦੇ ਪ੍ਰਬੰਧਕਾਂ ਵਲੋਂ ਕੀਤਾ ਜਾਵੇਗਾ। ਸ: ਭੱਟੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਦੇ ਸਸਕਾਰ ਕਰਨ ਦੀਆਂ ਕਾਗਜ਼ੀ ਕਾਰਵਾਈਆਂ ਸੰਸਥਾ ਦੇ ਪ੍ਰਬੰਧਕਾਂ ਵਲੋਂ ਲਗਭਗ ਪੂਰੀਆਂ ਕਰ ਲਈਆਂ ਗਈਆਂ ਹਨ। ਸਸਕਾਰ ਕਰਨ ਉਪਰੰਤ ਇਨ੍ਹਾਂ ਦੀਆਂ ਅਸਥੀਆਂ ਨੂੰ ਆਉਂਦੇ ਮਹੀਨੇ (ਅਕਤੂਬਰ) ਵਿਚ ਸੰਸਥਾ ਵਲੋਂ ਸਬੰਧਿਤ ਪਰਿਵਾਰਾਂ ਤੱਕ ਪਹੁੰਚਦੀਆਂ ਕਰ ਦਿੱਤੀਆਂ ਜਾਣਗੀਆਂ।
ਸ: ਭੱਟੀ ਨੇ ਕਿਹਾ ਕਿ ਫਰਾਂਸ ਵੱਸਦੀ ਪੰਜਾਬੀ ਕਮਿਊਨਿਟੀ ਇਸ ਗੱਲੋਂ ਹੈਰਾਨ ਹੈ ਕਿ ਫਰਾਂਸ ਵਿਚ ਪੰਜਾਬੀਆਂ ਦੀਆਂ ਜਿਹੜੀਆਂ 12 ਮੌਤਾਂ 2025 ‘ਚ ਹੋਈਆਂ ਹਨ, ਉਹ ਦਿਲ ਦਾ ਦੌਰਾ ਪੈਣ ਕਾਰਨ ਹੀ ਕਿਉਂ ਹੋ ਰਹੀਆਂ ਹਨ, ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ।





























