
ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ, ਗੁਰਚਰਨ ਸਿੰਘ ਭੁੰਗਰਨੀ ਸੀਨੀਅਰ ਮੀਤ ਪ੍ਰਧਾਨ ਇਟਲੀ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਬੋਦਲ ਇਟਲੀ ਆਦਿ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ 2024 ਦੀਆਂ ਹੋ ਰਹੀਆਂ ਲੋਕ ਸਭਾ ਚੋਣਾਂ ‘ਚ ਪੰਜਾਬ ਦੀਆਂ 13 ਸੀਟਾਂ ਦੇ ਨਤੀਜੇ ਹੈਰਾਨੀ ਪੂਰਵਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਆਉਣ ਦਾ ਅਨੁਮਾਨ ਹੁਣ ਤੋੰ ਹੀ ਲੱਗਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਦੂਸਰੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਬਹੁਤ ਜਲਦ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ, ਜਿਸਦਾ ਸਬੂਤ 4 ਅਪ੍ਰੈਲ ਨੂੰ ਲੁਧਿਆਣਾ ਵਿਖ਼ੇ ਵੇਖਣ ਨੂੰ ਵੀ ਮਿਲੇਗਾ।
ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 4 ਅਪ੍ਰੈਲ ਨੂੰ ਲੁਧਿਆਣਾ ਦੇ ਤੂਫਾਨੀ ਦੌਰੇ ’ਤੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਲੁਧਿਆਣਾ ਦੀ ਦਰੇਸੀ ਗਰਾਊਂਡ ਅਤੇ ਜਲੰਧਰ ਬਾਈਪਾਸ ਨੇੜੇ ਮਿਲਣ ਪੈਲੇਸ ਵਿਖੇ ਰੱਖੇ ਸਮਾਗਮਾਂ ’ਚ ਵੱਖ-ਵੱਖ ਸਿਆਸੀ ਪਾਰਟੀਆਂ ’ਚ ਬੈਠੇ ਆਗੂਆਂ ਤੋਂ ਇਲਾਵਾ ਕਈ ਸਮਾਜ ਸੇਵੀ ਨੇਤਾਵਾਂ ’ਤੇ ਜੋ ਉਨ੍ਹਾਂ ਦੀ ਪਹਿਲਾਂ ਤੋਂ ਅੱਖ ਟਿਕੀ ਹੋਈ ਹੈ, ਉਨ੍ਹਾਂ ਨੂੰ ਅਕਾਲੀ ਦਲ ’ਚ ਸ਼ਾਮਲ ਕਰਵਾਇਆ ਜਾਵੇਗਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੀ ਸਮੁੱਚੀ ਟੀਮ ਵੱਲੋਂ ਸੁਖਬੀਰ ਬਾਦਲ ਦੀ ਆਮਦ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਆਰੰਭ ਕਰ ਦਿੱਤਾ ਗਿਆ ਹੈ। ਇਸ ਦੌਰੇ ਨੂੰ ਲੈ ਕੇ ਚੋਣ ਲੜਨ ਵਾਲੇ ਸੰਭਾਵੀ ਉਮੀਦਵਾਰ ਕਾਕਾ ਸੂਦ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੁਖਬੀਰ ਜੀ ਉਸ ਦਿਨ ਸਨਅਤਕਾਰਾਂ ਤੋਂ ਇਲਾਵਾ ਅਕਾਲੀ ਵਰਕਰਾਂ ਨੂੰ ਵੀ ਪਰਸਨਲ ਤੌਰ ਤੇ ਮਿਲਣਗੇ ਤਾਂ ਜੋ ਪਾਰਟੀ ਪ੍ਰਤੀ ਉਨ੍ਹਾਂ ’ਚ ਜੋਸ਼ ਭਰਿਆ ਜਾ ਸਕੇ।





























