
ਜਲੰਧਰ, ਐਚ ਐਸ ਚਾਵਲਾ। ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਵਿਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿਚ ਗੈਰ-ਕਾਨੂੰਨੀ ਹਥਿਆਰਾਂ ਦੇ ਧੰਦੇ ਵਿਚ ਸ਼ਾਮਲ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।

ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਹਥਿਆਰਾਂ ਦਾ ਗੈਰ-ਕਾਨੂੰਨੀ ਧੰਦਾ ਕਰਨ ਵਾਲਾ ਗਿਰੋਹ ਸਰਗਰਮ ਹੈ। ਉਨ੍ਹਾਂ ਦੱਸਿਆ ਕਿ ਲੀਡ ਦੇ ਆਧਾਰ ‘ਤੇ ਪੁਲਿਸ ਨੇ ਸ਼ਹਿਰ ਦੇ ਮਿਲਾਪ ਚੌਂਕ ਨੇੜੇ ਜਾਲ ਵਿਛਾਇਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਲੀਡ ਨੇ ਅੱਗੇ ਦੱਸਿਆ ਕਿ ਹਥਿਆਰਾਂ ਦੀ ਡਲਿਵਰੀ ਹਿੰਦ ਸਮਾਚਾਰ ਗਰਾਊਂਡ ਨੇੜੇ ਕੀਤੀ ਜਾਣੀ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਬਲਜਿੰਦਰ ਸਿੰਘ ਉਰਫ ਮਾਈਕਲ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਉੱਗੀ ਨਕੋਦਰ ਜਲੰਧਰ ਨੂੰ ਟਰੇਸ ਕੀਤਾ ਜੋ ਕਿ ਗਰਾਊਂਡ ਨੇੜੇ ਖੜ੍ਹਾ ਸੀ। ਉਨ੍ਹਾਂ ਦੱਸਿਆ ਕਿ ਬਲਜਿੰਦਰ ਹਿੰਦ ਸਮਾਚਾਰ ਗਰਾਊਂਡ ਨੇੜੇ ਖਾਲੀ ਪਲਾਟ ਦੇ ਸਾਹਮਣੇ ਨਾਜਾਇਜ਼ ਹਥਿਆਰ ਤੇ ਕਾਰਤੂਸ ਵੇਚਣ ਲਈ ਕਿਸੇ ਗਾਹਕ ਦੀ ਉਡੀਕ ਕਰ ਰਿਹਾ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਹਿੰਦ ਸਮਾਚਾਰ ਨੇੜੇ ਖਾਲੀ ਪਲਾਟ ਕੋਲ ਛਾਪਾ ਮਾਰ ਕੇ ਬਲਜਿੰਦਰ ਨੂੰ ਕਾਬੂ ਕਰ ਲਿਆ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਪੈਸ਼ਲ ਸੈੱਲ ਨੇ ਬਲਜਿੰਦਰ ਕੋਲੋਂ 315 ਬੋਰ ਦਾ ਇੱਕ ਦੇਸੀ ਕੱਟਾ ਸਮੇਤ ਇੱਕ ਕਾਰਤੂਸ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ 3 ਜਲੰਧਰ ਵਿਖੇ ਐਫਆਈਆਰ 16 ਮਿਤੀ 14-02-2024 ਅਧੀਨ 25-54-59 ਅਸਲਾ ਐਕਟ ਦਰਜ ਕੀਤੀ ਗਈ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਅਜੇ ਤੱਕ ਮੁਲਜ਼ਮ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।





























