ਦੇਸ਼ਦੁਨੀਆਂਪੰਜਾਬ

ਪੰਜਾਬ ਦੇ ਤਾਜਾ ਹਾਲਾਤਾਂ ਮੁਤਾਬਿਕ ਸੂਬੇ ਨੂੰ ਸੰਭਾਲਣਾ ਹੁਣ ਭਗਵੰਤ ਮਾਨ ਦੇ ਵੱਸ ਦੀ ਗੱਲ ਨਹੀਂ – ਸ਼੍ਰੋਮਣੀ ਅਕਾਲੀ ਦਲ ਯੂਰਪ

ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਹੋਈ ਬੇਅਦਬੀ ਦੀ ਘਟਨਾ ਦੀ ਸ਼੍ਰੋਮਣੀ ਅਕਾਲੀ ਦਲ ਯੂਰਪ ਨੇ ਕੀਤੀ ਨਿਖੇਧੀ

ਪੈਰਿਸ, (PRIME INDIAN NEWS) :- 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਇਕ ਵਿਅਕਤੀ ਵਲੋਂ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਹੋਈ ਬੇਅਦਬੀ ਦੀ ਘਟਨਾ ਦੀ ਸ਼੍ਰੋਮਣੀ ਅਕਾਲੀ ਦਲ ਯੂਰਪ ਨੇ ਸਮੂਹ ਅਹੁਦੇਦਾਰਾਂ ਨੇ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਜਿਹੇ ਨਫ਼ਰਤ ਦੇ ਬੀਜ ਬੀਜਣ ਵਾਲੇ ਲੋਕ ਦੇਸ਼ ਦੀ ਏਕਤਾ, ਅਖੰਡਤਾ ਅਤੇ ਆਪਸੀ ਭਾਈ ਚਾਰਕ ਸਾਂਝ ਲਈ ਘਾਤਕ ਹਨ। ਮੌਜੂਦਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਅਜਿਹੇ ਪਸ਼ੂ ਬਿਰਤੀ ਵਾਲੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਕੋਈ ਇਹੋ ਜਿਹੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੋ ਵਾਰ ਸੋਚੇ।

ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ ਪ੍ਰਧਾਨ ਇਟਲੀ ਯੂਨਿਟ, ਲਖਵਿੰਦਰ ਸਿੰਘ ਡੋਗਰਾਂਵਾਲ ਸਕੱਤਰ ਜਨਰਲ ਇਟਲੀ ਯੂਨਿਟ, ਜਥੇਦਾਰ ਗੁਰਚਰਨ ਸਿੰਘ ਭੂੰਗਰਨੀ ਸੀਨੀਅਰ ਮੀਤ ਪ੍ਰਧਾਨ ਇਟਲੀ, ਹਰਦੀਪ ਸਿੰਘ ਬੋਦਲ ਜਨਰਲ ਸਕੱਤਰ ਇਟਲੀ, ਜਗਜੀਤ ਸਿੰਘ ਫ਼ਤਿਹਗੜ੍ਹ ਜਨਰਲ ਸਕੱਤਰ ਇਟਲੀ ਨੇ ਕਿਹਾ ਕਿ ਵਿਚਾਰਨ ਵਾਲੀ ਗੱਲ ਇਹ ਹੈ ਇਸ ਫ਼ਿਰਕਾਪ੍ਰਸਤੀ ਮਹਾਂਮੂਰਖ ਨੇ ਇਸ ਘਟਨਾ ਨੂੰ ਅੰਜਾਮ ਕਿਸ ਦੇ ਕਹਿਣ ਤੇ ਦਿੱਤਾ ਅਤੇ ਇਸ ਦੇ ਮਗਰ ਕਿਹੜੇ ਲੋਕ ਹਨ, ਉਹਨਾਂ ਨੂੰ ਵੀ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸੱਭ ਇੱਕ ਗਿਣੀ ਮਿਥੀ ਸਾਜਸ਼ ਦੇ ਅਧੀਨ ਹੀ ਹੋਇਆ ਹੈ। ਅਸੀ ਚਾਹੁੰਦੇ ਹਾਂ ਕਿ ਇਹਨਾਂ ਸ਼ਰਾਰਤੀ ਅਨਸਰਾਂ ਨਾਲ ਸਰਕਾਰ ਸਖ਼ਤੀ ਨਾਲ ਪੇਸ਼ ਆਵੇ ਕਿਓਂਕਿ ਬਾਬਾ ਸਾਹਿਬ ਅੰਬੇਡਕਰ ਜੀ ਦਾ ਅਪਮਾਨ ਕੋਈ ਵੀ ਸਹਿਣ ਨਹੀਂ ਕਰ ਸਕਦਾ।

ਉਕਤ ਆਗੂਆਂ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਨਾਲ ਛੇੜਖਾਨੀ ਕਰਕੇ ਵਾਪਰੀ ਇਸ ਘਟਨਾ ਨਾਲ ਜਿਥੇ ਦਲਿਤ ਸਮਾਜ ਵਿੱਚ ਭਾਰੀ ਰੋਸ ਹੈ, ਉਥੇ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਸਮੂਹ ਅਹੁਦੇਦਾਰ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਦੇਸ਼-ਵਿਦੇਸ਼ ਵਿੱਚ ਵੱਸਦੇ ਬਾਬਾ ਸਾਹਿਬ ਜੀ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ, ਜੋ ਕਿ ਨਾਕਾਬਿਲੇ ਬਰਦਾਸ਼ਤ ਹੈ।

ਉਕਤ ਆਗੂਆਂ ਨੇ ਕਿਹਾ ਕਿ ਇਹ ਘਟਨਾ ਪੰਜਾਬ ਦੀ ਆਪ ਸਰਕਾਰ ਦੀ ਕਾਨੂੰਨ ਵਿਵਸਥਾ ਪੱਧਰ ‘ਤੇ ਫੇਲ੍ਹ ਕਾਰਗੁਜ਼ਾਰੀ ਨੂੰ ਦਰਸਾਉਂਦੀ ਹੈ। ਆਪ ਸਰਕਾਰ ਦੇ ਰਾਜ ਵਿੱਚ ਸੂਬੇ ਦੇ ਮਾੜੇ ਹਾਲਾਤਾਂ ਕਾਰਨ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਹਨ। ਜਿਸ ਉੱਪਰ ਧਿਆਨ ਦੇਣ ਦੀ ਸਖ਼ਤ ਲੋੜ ਹੈ। ਵੈਸੇ ਇਹ ਘਟਨਾ ਸ਼ਰਾਰਤੀ ਅਨਸਰਾਂ ਵੱਲੋਂ, ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵੀ ਹੋ ਸਕਦੀ ਹੈ, ਜਿਸਨੂੰ ਸਮਝਣ ਦੀ ਵੀ ਲੋੜ ਹੈ। ਪੁਲਿਸ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਉਹ ਇਸ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੇ ਨਾਲ ਨਾਲ, ਇਸ ਘਟਨਾ ਵਿੱਚ ਹੱਲਾਸ਼ੇਰੀ ਦੇਣ ਵਾਲੇ ਲੋਕਾਂ ਦੀ ਪਹਿਚਾਣ ਕਰਕੇ  ਉਨ੍ਹਾਂ ਖਿਲਾਫ ਵੀ ਸਖਤ ਐਕਸ਼ਨ ਲਵੇ।

ਉਕਤ ਆਗੂਆਂ ਨੇ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਪ੍ਰਸ਼ਾਸਨ ਨੂੰ ਅਲਰਟ ਹੋਣ ਦੀ ਵੀ ਲੋੜ ਹੈ। ਇਸ ਲਈ ਇਹ ਵੀ ਜ਼ਰੂਰੀ ਹੈ ਕਿ ਪੰਜਾਬ ਦਾ ਪ੍ਰਸ਼ਾਸਨ ਪੂਰੇ ਸੂਬੇ ਵਿੱਚ ਬਾਬਾ ਸਾਹਿਬ ਦੇ ਬੁੱਤਾਂ ਨੂੰ ਸੁਰੱਖਿਅਤ ਕਰਨ ਦੀ ਬਹੁਜਨ ਸਮਾਜ ਨੂੰ ਗਰੰਟੀ ਦੇਵੇ। ਅਜਿਹੀਆਂ ਤਾਕਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ, ਦੇਸ਼ ਦੇ ਨਿਰਮਾਣ ਅਤੇ ਵਿਕਾਸ ਵਿੱਚ ਜਿਹੜਾ ਵਿਸ਼ੇਸ਼ ਯੋਗਦਾਨ ਹੈ ਉਸਨੂੰ ਭੁਲਾਇਆ ਨਹੀਂ ਜਾ ਸਕਦਾ।

ਉਕਤ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਦੇ ਹੁੰਦਿਆਂ ਪੰਜਾਬ ਵਿੱਚ ਨਸ਼ਾ ਤਸਕਰੀ, ਗੈਂਗ ਵਾਰ ਝਗੜੇ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰਨੀਆਂ ਆਮ ਜਿਹੀ ਗੱਲ ਹੋ ਗਈ ਹੈ, ਜਿਸ ਤੋਂ ਸਾਫ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਦੇ ਹਾਲਾਤਾਂ ਨੂੰ ਸੰਭਾਲਣਾ ਮਾਨ ਸਰਕਾਰ ਦੇ ਵੱਸ ਦੀ ਗੱਲ ਨਹੀਂ ਰਹੀ।

Related Articles

Leave a Reply

Your email address will not be published. Required fields are marked *

Back to top button