
ਪੈਰਿਸ, (PRIME INDIAN NEWS):- ਯੂਰਪ ਦੀ ਸਮਾਜ ਸੇਵੀ ਸੰਸਥਾ ਔਰਰ-ਡਾਨ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਫਰਾਂਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 17 ਸਤੰਬਰ ਨੂੰ ਹੋਈ ਗੈਂਗਵਾਰ ਲੜਾਈ ਵਿੱਚ 22 ਸਾਲਾ ਪੰਜਾਬੀ ਨੌਜੁਆਨ (ਜਿਸਦਾ ਸਿਰ ਲੋਹੇ ਦੀਆਂ ਰਾਡਾਂ ਵੱਜਣ ਕਾਰਨ ਫਟ ਗਿਆ ਸੀ) ਦੀ ਹਸਪਤਾਲ ਵਿੱਚ ਜਖਮਾਂ ਦੀ ਤਾਬ ਨਾ ਸਹਾਰਦੇ ਹੋਏ 18 ਸਤੰਬਰ ਨੂੰ ਮੌਤ ਹੋ ਗਈ ਹੈ। ਉਹ ਪਿੱਛਿਉਂ ਪਿੰਡ ਬੱਲ ਜਿਲ੍ਹਾ ਬਟਾਲਾ ਦਾ ਰਹਿਣ ਵਾਲਾ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਜੋ ਕਿ ਫਰਾਂਸ ਵਿੱਚ ਕਿਸੇ ਨਾਈ ਦੀ ਦੁਕਾਨ ਤੇ ਵਾਲ ਕੱਟਣ ਦਾ ਕੰਮ ਕਰਦਾ ਸੀ।
ਫਰਾਂਸ ਦੀ ਪੁਲਿਸ ਅਤੇ ਅੱਖੀਂ ਦੇਖਣ ਵਾਲਿਆਂ ਕੋਲੋਂ ਮਿਲੀ ਜਾਣਕਾਰੀ ਮੁਤਾਬਿਕ, ਇਸਤੇ ਹਮਲਾ ਕਰਨ ਵਾਲਿਆਂ ਦੀ ਗਿਣਤੀ 10 ਜਣਿਆਂ ਦੇ ਕਰੀਬ ਸੀ, ਜਿਨ੍ਹਾਂ ਦੇ ਹੱਥਾਂ ਵਿੱਚ ਲੋਹੇ ਦੀਆਂ ਰਾਡਾਂ ਸਨ। ਹਮਲਾ ਕਰਨ ਵਾਲੇ ਗਰੁੱਪ ਨੇ ਜਿਆਦਾਤਰ ਇਸ ਦੇ ਸਿਰ ‘ਤੇ ਵਾਰ ਕੀਤੇ ਜਿਸ ਨਾਲ ਇਸਦੀ ਖੋਪੜੀ ਮੌਕੇ ਤੇ ਹੀ ਫਿਸ ਗਈ ਤੇ ਉਸ ਵਿੱਚੋਂ ਖੂਨ ਦੀਆਂ ਤਤੀਰੀਆਂ ਵਹਿ ਰਹੀਆਂ ਸਨ।
ਫਰਾਂਸ ਦੀ ਪੁਲਿਸ ਨੇ ਫੁਰਤੀ ਦਿਖਾਉਂਦੇ ਹੋਏ ਹਸਪਤਾਲ ਤਾਂ ਪਹੁੰਚਾ ਦਿੱਤਾ, ਐਪਰ 24 ਘੰਟੇ ਬਾਅਦ ਹੀ ਇਸਦੇ ਪ੍ਰਾਣ ਪੰਖੇਰੂ ਹੋ ਗਏ ਸਨ। ਹੁਣ ਇਸਦੀ ਮ੍ਰਿਤਕ ਦੇਹ ਨੂੰ ਪੁਲਿਸ ਦੀਆਂ ਕਾਰਵਾਈਆ ਖ਼ਤਮ ਹੋਣ ਉਪਰੰਤ ਭਾਰਤ ਭੇਜਿਆ ਜਾਵੇਗਾ। ਖਬਰ ਲਿਖੇ ਜਾਣ ਤੱਕ ਹਮਲਾਵਰਾਂ ਵਿੱਚੋਂ ਅਜੇ ਤੱਕ ਕੋਈ ਵੀ ਗ੍ਰਿਫਤਾਰ ਨਹੀਂ ਹੋਇਆ, ਲੇਕਿਨ ਫਰੈਂਚ ਪੁਲਿਸ ਸੀ.ਸੀ.ਟੀ.ਵੀ ਦੇ ਕੈਮਰੇ ਖੰਗਾਲ ਕੇ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
















