
ਅੰਮ੍ਰਿਤਸਰ, (PRIME INDIAN NEWS) :- ਪੰਜਾਬ ਪੁਲਿਸ ਨੇ ਪਹਿਲੀ ਵਾਰ ਸਰਹਦੋਂ ਪਾਰ ਪਾਕਿਸਤਾਨ ਤੋਂ ਆਈਸ (ਮੇਥਾਮਫੇਟਾਮਾਈਨ) ਨਾਮਕ ਡਰੱਗ ਲਿਆ ਕੇ ਪੰਜਾਬ ਅਤੇ ਹੋਰ ਰਾਜਾਂ ‘ਚ ਸਪਲਾਈ ਕਰਨ ਵਾਲੇ ਤਸਕਰ ਨੂੰ ਆਈਸ ਡਰੱਗ ਦੀ ਖੇਪ ਅਤੇ ਚੀਨੀ ਪਿਸਤੌਲ ਸਣੇ ਕਾਬੂ ਕੀਤਾ ਹੈ। ਪਕੜੇ ਗਏ ਦੋਸ਼ੀ ਦੀ ਪਹਿਚਾਣ ਸਿਮਰਨਜੀਤ ਸਿੰਘ ਉਰਫ਼ ਸਿਮਰ ਮਾਨ ਵਾਸੀ ਪਿੰਡ ਗੱਗੜਮਾਲ, ਜਿਲ੍ਹਾ ਅੰਮ੍ਰਿਤਸਰ ਦੇ ਤੌਰ ਤੇ ਹੋਈ ਹੈ। ਪੁਲਿਸ ਟੀਮਾਂ ਨੇ ਆਈਸ ਡਰੱਗ ਦੀ ਖੇਪ ਨੂੰ ਜ਼ਬਤ ਕਰਨ ਤੋਂ ਇਲਾਵਾ ਉਸ ਦੇ ਕਬਜ਼ੇ ਵਿੱਚੋਂ ਇੱਕ ਅਤਿ-ਆਧੁਨਿਕ .30 ਬੋਰ ਦਾ ਚੀਨੀ ਪਿਸਤੌਲ ਅਤੇ 5 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਪੁਲਿਸ ਦੁਆਰਾ ਕੀਤੀ ਗਈ ਮੁੱਢਲੀ ਜਾਂਚ ਮੁਤਾਬਿਕ ਉਕਤ ਦੋਸ਼ੀ ਪਾਕਿਸਤਾਨ ਸਥਿਤ ਤਸਕਰ ਪਠਾਨ ਅਤੇ ਆਮੇਰ ਦੇ ਸਿੱਧੇ ਸੰਪਰਕ ਵਿੱਚ ਸੀ, ਜੋ ਉਸ ਨੂੰ ਡਰੋਨ ਰਾਹੀਂ ਸਰਹੱਦ ਪਾਰੋਂ ਆਈਸ ਡਰੱਗਜ਼ ਅਤੇ ਹਥਿਆਰ ਸਪਲਾਈ ਕਰ ਰਹੇ ਸਨ। ਦੋਸ਼ੀ ਸੂਬੇ ਭਰ ਵਿੱਚ ਆਈਸ ਡਰੱਗ ਸਪਲਾਈ ਕਰਦੇ ਸਨ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਆਈਸ ਡਰੱਗਜ਼ ਅਤੇ ਹਥਿਆਰਾਂ ਦੀ ਵੱਡੀ ਖੇਪ ਸੂਬੇ ਵਿੱਚ ਲਿਆਉਣ ਦੀ ਕੋਸ਼ਿਸ਼ ਦੀ ਸੂਚਨਾ ਮਿਲੀ ਸੀ, ਜਿਸਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ, ਏਡੀਸੀਪੀ ਸਿਟੀ-3 ਅਭਿਮਨਿਊ ਰਾਣਾ ਅਤੇ ਏਸੀਪੀ ਵੈਸਟ ਕਮਲਜੀਤ ਔਲਖ ਦੀ ਅਗਵਾਈ ਵਿੱਚ CIA ਸਟਾਫ-1 ਦੀ ਪੁਲੀਸ ਟੀਮ ਨੇ ਛੇਹਰਟਾ ਇਲਾਕੇ ਵਿੱਚ ਵਿਆਪਕ ਕਾਰਵਾਈ ਕੀਤੀ। ਦੋਸ਼ੀ ਸਿਮਰ ਮਾਨ ਨੂੰ ਉਦੋਂ ਕਾਬੂ ਕਰ ਲਿਆ ਗਿਆ, ਜਦੋਂ ਉਹ ਇਸ ਖੇਪ ਦੀ ਡਿਲਵਰੀ ਕਰਨ ਲਈ ਕਿਸੇ ਬੰਦੇ ਦੀ ਉਡੀਕ ਕਰ ਰਿਹਾ ਸੀ।
CP ਭੁੱਲਰ ਨੇ ਦੱਸਿਆ ਕਿ ਡਰੱਗ ਸਪਲਾਇਰਾਂ, ਡੀਲਰਾਂ ਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵੱਲੋਂ ਹੁਣ ਤੱਕ ਮਿਲੇ ਨਸ਼ੀਲੇ ਪਦਾਰਥਾਂ ਦੀ ਕੁਲ ਮਾਤਰਾ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਹੱਦ ਪਾਰ ਤੋਂ ਪੰਜਾਬ ਵਿੱਚ ਆਈਸ ਡਰੱਗ ਦਾ ਇਹ ਪਹਿਲਾ ਮਾਮਲਾ ਹੈ। ਇਸ ਤੋਂ ਪਹਿਲਾਂ ਫੜੇ ਗਏ ਮੁਲਜ਼ਮਾਂ ਕੋਲੋਂ ਸਿਰਫ਼ ਆਮ ਹੈਰੋਇਨ ਬਰਾਮਦ ਹੋਈ ਸੀ। ਇਸ ਤੋਂ ਪਹਿਲਾਂ ਕਰੀਬ 5 ਸਾਲ ਪਹਿਲਾਂ ਅੰਮ੍ਰਿਤਸਰ ਜੇਲ੍ਹ ਵਿੱਚੋਂ ਆਈਸ ਡਰੱਗ ਬਰਾਮਦ ਹੋਈ ਸੀ। ਇਹ ਅਜਿਹਾ ਖ਼ਤਰਨਾਕ ਨਸ਼ਾ ਹੈ ਜਿਸਦਾ ਇੱਕ ਵਾਰ ਸੇਵਨ ਕਰਨ ਤੋਂ ਬਾਅਦ ਵਿਅਕਤੀ ਇਸ ਦਾ ਆਦੀ ਹੋ ਜਾਂਦਾ ਹੈ।





























