
ਜਲੰਧਰ, ਐਚ ਐਸ ਚਾਵਲਾ। ਭਾਰਤੀ ਘੋੜ ਸਵਾਰੀ ਫੈਡਰੇਸ਼ਨ, ਨਵੀਂ ਦਿੱਲੀ ਵੱਲੋਂ ਨੈਸ਼ਨਲ ਘੋੜ ਸਵਾਰੀ ਚੈਂਪੀਅਨਸ਼ਿਪ-2025 (ਟੈਂਟ ਪੈਗਿੰਗ), ਮਿਤੀ 15 ਫਰਵਰੀ ਤੋਂ 23 ਫਰਵਰੀ 2025 ਤੱਕ ਪੀ.ਏ.ਪੀ. ਕੈਂਪਸ ਜਲੰਧਰ ਵਿਖੇ ਕਰਵਾਉਣ ਲਈ ਪੰਜਾਬ ਪੁਲਿਸ ਨੂੰ ਅਲਾਟ ਕੀਤੀ ਗਈ ਹੈ। ਇਹ ਚੈਂਪੀਅਨਸ਼ਿਪ ਪੰਜਾਬ ਵਿੱਚ ਤੀਸਰੀ ਵਾਰ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਲ 2016 ਅਤੇ 2017 ਵਿੱਚ ਵੀ ਪੀ.ਏ.ਪੀ. ਕੈਂਪਸ, ਜਲੰਧਰ ਵਿਖੇ ਨੈਸ਼ਨਲ ਘੋੜ ਸਵਾਰੀ ਚੈਂਪੀਅਨਸ਼ਿਪ (ਟੈਂਟ ਪੈਗਿੰਗ) ਦਾ ਆਯੋਜਨ ਕਰਵਾਇਆ ਗਿਆ ਸੀ।
ਸ਼੍ਰੀ ਗੌਰਵ ਯਾਦਵ, ਆਈ.ਪੀ.ਐਸ., ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ, ਪੰਜਾਬ ਪੁਲਿਸ ਵੱਲੋਂ ਕਰਵਾਈ ਜਾ ਰਹੀ ਨੈਸ਼ਨਲ ਘੋੜ ਸਵਾਰੀ ਚੈਂਪੀਅਨਸ਼ਿਪ ਦੇ ਚੀਫ ਪੈਟਰਨ ਹਨ ਅਤੇ ਸ਼੍ਰੀ ਐਮ.ਐਫ. ਫਾਰੂਕੀ, ਆਈ.ਪੀ.ਐਸ. ਓਰਗੇਨਾਈਜਿੰਗ ਕਮੇਟੀ ਦੇ ਚੇਅਰਮੈਨ ਅਤੇ ਸ਼੍ਰੀ ਇੰਦਰਬੀਰ ਸਿੰਘ, ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਪ੍ਰਸ਼ਾਸ਼ਨ, ਪੀ.ਏ.ਪੀ.ਓਰਗੇਨਾਈਜਿੰਗ ਸੈਕਟਰੀ ਹਨ। ਸ਼੍ਰੀ ਗੁਰਤੇਜਇੰਦਰ ਸਿੰਘ ਪੀ.ਪੀ.ਐਸ., ਕਮਾਂਡੈਂਟ, 7ਵੀਂ ਬਨ. ਪੀ.ਏ.ਪੀ. ਸ਼ੋਅ ਸੈਕਟਰੀ ਹਨ।
ਇਸ ਚੈਂਪੀਅਨਸ਼ਿਪ ਦੀ ਓਪਨਿੰਗ ਸੈਰੇਮਨੀ ਮਿਤੀ 15 ਫਰਵਰੀ 2025 ਨੂੰ ਪੀ.ਏ.ਪੀ. ਕੈਂਪਸ ਵਿਖੇ ਹੋਵੇਗੀ, ਜਿਸ ਵਿੱਚ ਸ਼੍ਰੀ ਗੌਰਵ ਯਾਦਵ, ਆਈ.ਪੀ.ਐਸ., ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇਸ ਵਾਰ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਦੇਸ਼ ਦੇ ਵੱਖ-2 ਹਿੱਸਿਆਂ ਤੋਂ ਸੂਬਾਈ ਪੁਲਿਸ ਘੋੜ ਸਵਾਰੀ ਟੀਮਾਂ, ਆਰਮੀ, ਪੈਰਾ ਮਿਲਟਰੀ ਫੋਰਸਾਂ ਦੀਆਂ ਟੀਮਾਂ ਤੋਂ ਇਲਾਵਾ ਕੁੱਝ ਪ੍ਰਾਈਵੇਟ ਕਲੱਬਾਂ ਦੀਆਂ ਕੁੱਲ 15 ਟੀਮਾਂ ਦੇ 125 ਘੋੜੇ ਅਤੇ ਘੋੜ ਸਵਾਰ ਖਿਡਾਰੀ ਹਿੱਸਾ ਲੈਣਗੇ। ਪੰਜਾਬ ਪੁਲਿਸ ਦੀ ਘੋੜ ਸਵਾਰੀ ਟੀਮ ਵੀ ਇਸ ਚੈਂਪੀਅਨਸ਼ਿਪ ਵਿੱਚ ਆਪਣੇ 20 ਖਿਡਾਰੀਆਂ ਨਾਲ ਭਾਗ ਲਵੇਗੀ, ਜਿਸ ਦੀ ਅਗਵਾਈ ਸ਼੍ਰੀ ਇੰਦਰਬੀਰ ਸਿੰਘ, ਆਈ.ਪੀ.ਐਸ. ਡੀ.ਆਈ.ਜੀ., ਪ੍ਰਸ਼ਾਸ਼ਨ, ਪੀ.ਏ.ਪੀ. ਕਰਨਗੇ ਇਸ ਵਾਰ ਦਿਲਚਸਪ ਅਤੇ ਵਿਲੱਖਣ ਗੱਲ ਇਹ ਹੋਵੇਗੀ ਕਿ ਪੰਜਾਬ ਪੁਲਿਸ ਵੱਲੋਂ ਪਹਿਲੀ ਵਾਰ ਕੋਈ ਆਈ.ਪੀ.ਐਸ. ਅਧਿਕਾਰੀ ਨੈਸ਼ਨਲ ਘੋੜ ਸਵਾਰੀ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ।
ਇਸ ਚੈਂਪੀਅਨਸ਼ਿਪ ਦੌਰਾਨ ਈਵੈਂਟਾਂ ਨੂੰ ਨਿਯਮਾਂ ਅਨੁਸਾਰ ਕਰਾਉਣ ਅਤੇ ਜੱਜ ਕਰਨ ਲਈ ਭਾਰਤੀ ਘੋੜ ਸਵਾਰੀ ਐਸੋਸੀਏਸ਼ਨ ਵੱਲੋਂ ਅੰਤਰ-ਰਾਸ਼ਟਰੀ ਜਿਊਰੀ ਮੈਂਬਰ ਲਗਾਏ ਗਏ ਹਨ।
ਇਸ ਚੈਂਪੀਅਨਸ਼ਿਪ ਵਿੱਚ ਵੱਖ-2 ਟੀਮਾਂ ਦੇ 15 ਤੋਂ 20 ਅੰਤਰ-ਰਾਸ਼ਟਰੀ ਖਿਡਾਰੀ ਵੀ ਭਾਗ ਲੈਣਗੇ।
ਪੀ.ਏ.ਪੀ. ਜਲੰਧਰ ਵਿਖੇ ਹੋਣ ਜਾ ਰਹੀ ਨੈਸ਼ਨਲ ਟੈਂਟ ਪੈਗਿੰਗ ਚੈਂਪੀਅਨਸ਼ਿਪ ਵਿੱਚੋਂ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿੱਚੋਂ ਸਾਲ 2025-26 ਦੌਰਾਨ ਹੋਣ ਵਾਲੇ ਅੰਤਰ-ਰਾਸ਼ਟਰੀ ਮੁਕਾਬਲਿਆਂ ਲਈ ਭਾਰਤੀ ਟੀਮ ਦੀ ਚੋਣ ਕੀਤੀ ਜਾਵੇਗੀ।
ਚੈਂਪੀਅਨਸ਼ਿਪ ਨੂੰ ਦੇਖਣ ਲਈ ਆਉਣ ਵਾਲੇ ਦਰਸ਼ਕਾਂ ਲਈ ਕੋਈ ਟਿੱਕਟ ਨਹੀਂ ਹੈ ਅਤੇ ਐਂਟਰੀ ਮੁੱਫਤ ਹੋਵੇਗੀ।





























