
ਜਲੰਧਰ, ਐਚ ਐਸ ਚਾਵਲਾ। ਨੈਸ਼ਨਲ ਕੈਡਿਟਸ ਕੋਰ (NCC) ਦਾ ਸਲਾਨਾ ਸਾਂਝਾ ਟਰੇਨਿੰਗ ਕੈਂਪ ਡੀਏਵੀ ਯੂਨੀਵਰਸਿਟੀ ਵਿੱਚ ਸ਼ੁਰੂ ਹੋ ਗਿਆ ਹੈ, ਜਿਸ ਵਿੱਚ 600 NCC ਕੈਡਿਟਸ ਭਾਗ ਲੈ ਰਹੇ ਹਨ। ਇਸ ਕੈਂਪ ਵਿੱਚ 102 ਕੈਡਿਟਸ, ਜੋ ਕਿ ਜਲੰਧਰ ਗਰੁੱਪ ਦੀਆਂ 6 ਬਟਾਲੀਅਨਾਂ ਤੋਂ ਆਏ ਹਨ, ਥਲ ਸੈਨਾ ਕੈਂਪ ਦਿੱਲੀ ਵਿੱਚ ਹੋਣ ਵਾਲੀਆਂ ਪ੍ਰਤੀਯੋਗਤਾਵਾਂ ਲਈ ਟ੍ਰੇਨਿੰਗ ਵੀ ਲੈ ਰਹੇ ਹਨ।


ਕੈਂਪ ਕਮਾਂਡੈਂਟ ਕਰਨਲ ਜੋਸ਼ੀ ਨੇ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ ਇਹ ਕੈਂਪ ਬਹੁਮੁਖੀ ਉਦੇਸ਼ਾਂ ਨੂੰ ਸਾਹਮਣੇ ਰੱਖ ਕੇ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਕੈਡਿਟਸ ਨੂੰ ਡਰਿਲ ਅਤੇ ਹਥਿਆਰਾਂ ਦੀ ਟ੍ਰੇਨਿੰਗ ਦੇ ਨਾਲ ਨਾਲ ਫੀਲਡ ਕ੍ਰਾਫਟ, ਬੈਟਲ ਕਰਾਫਟ, ਮਾਨ ਚਿੱਤਰਾਂ ਦੀ ਪੜ੍ਹਾਈ ਅਤੇ ਹੋਰ ਫ਼ਿਜ਼ੀਕਲ ਕਿਰਿਆਵਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਦੇ ਲਈ ਬਹੁਤ ਸਾਰੇ ਗੈਸਟ ਲੈਕਚਰ ਵੀ ਰੱਖੇ ਗਏ ਹਨ। ਇਹ ਲੈਕਚਰ ਆਪਦਾ ਪ੍ਰਬੰਧਨ, ਮਹਿਲਾ ਸਸ਼ਕਤੀਕਰਨ, ਭਾਰਤੀ ਸੈਨਾਵਾਂ ਵਿੱਚ ਕਮਿਸ਼ਨ ਦੀ ਪ੍ਰਾਪਤੀ ਅਤੇ ਅਗਨੀ ਵੀਰ ਵਰਗੇ ਵਿਸ਼ਿਆਂ ਬਾਰੇ ਜਾਣਕਾਰੀ ਦੇਣ ਦੇ ਲਈ ਹੋਣਗੇ।


ਕੈਂਪ ਦੇ ਪ੍ਰਸ਼ਾਸਨਿਕ ਅਧਿਕਾਰੀ ਕਰਨਲ ਦਲਜੀਤ ਔਲਖ ਨੇ ਦੱਸਿਆ ਕਿ ਇਹ ਕੈਂਪ 10 ਦਿਨ ਦਾ ਹੈ, ਜਿਸ ਵਿੱਚ ਸਵੇਰੇ ਅਤੇ ਸ਼ਾਮ ਕੈਡਿਟਸ ਯੂਨੀਵਰਸਿਟੀ ਵਿੱਚ ਹੀ ਨਿਵਾਸ ਕਰਨਗੇ। ਇਸ ਕੈਂਪ ਵਿੱਚ 5 NCC ਐਸੋਸੀਏਟ ਅਫਸਰ ਅਤੇ 40 ਥਲ ਸੈਨਾ ਦੇ ਟ੍ਰੇਨਿੰਗ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਹ ਕੈਂਪ ਦੇ ਵਿੱਚ ਰੌਜ਼ਾਨਾ 14 ਘੰਟੇ ਕੈਡਿਟਸ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।
ºਕੈਂਪ ਕਮਾਂਡੈਂਟ ਕਰਨਲ ਵਿਨੋਦ ਜੋਸ਼ੀ ਨੇ ਡੀਏਵੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ਼ ਮਨੋਜ ਕੁਮਾਰ, ਐਸੋਸੀਏਟ ਐਨਸੀਸੀ ਅਫ਼ਸਰ ਲੈਫਟੀਨੈਂਟ ਅਹਿਮਦ ਹੁਸੈਨ ਅਤੇ ਯੂਨੀਵਰਸਿਟੀ ਦੇ ਬਾਕੀ ਅਧਿਕਾਰੀਆਂ ਦਾ ਕੈਂਪ ਵਾਸਤੇ ਸਾਰੀਆਂ ਸਹੂਲਤਾਂ ਦੇਣ ਲਈ ਧੰਨਵਾਦ ਕੀਤਾ ।





























