
ਪੈਰਿਸ, (PRIME INDIAN NEWS) :- ਭਾਰਤੀ ਸਿਸਟਮ ਦੇ ਤਹਿਤ, ਦੁਨੀਆਂ ਦੇ ਹਰੇਕ ਮੁਲਕ ਦੇ, ਸਫਾ੍ਰਤਖਾਨਿਆਂ ਵਿੱਚ, ਤਿੰਨ ਸਾਲ ਸੇਵਾਵਾਂ ਨਿਭਾਉਣ ਉਪਰੰਤ ਰਾਜਦੁਤ ਵਾਪਿਸ ਭਾਰਤ ਪਰਤ ਜਾਂਦੇ ਹਨ। ਇਸੇ ਲੜੀ ਦੇ ਤਹਿਤ ਮਿਸਟਰ ਜਾਵੇਦ ਅਸ਼ਰਫ਼ ਆਪਣਾ ਕਾਰਜ ਕਾਲ ਪੁਰਾ ਕਰਕੇ ਵਾਪਿਸ ਵਿਦੇਸ਼ ਮੰਤਰਾਲੇ (ਦਿੱਲੀ ) ਪਹੁੰਚ ਗਏ ਹਨ, ਜਦਕਿ ਉਨ੍ਹਾਂ ਦੀ ਜਗਾਹ ਮਿਸਟਰ ਸੰਜੀਵ ਸਿੰਗਲਾ ਜੀ ਨੇ ਫਰਾਂਸ ਵਿਖ਼ੇ ਸਥਿੱਤ ਭਾਰਤੀ ਅੰਬੇਸੀ ਵਿੱਚ ਰਾਜਦੁਤ ਦੀ ਕੁਰਸੀ ਸੰਭਾਲ ਲਈ ਹੈ, ਇਨ੍ਹਾਂ ਦਾ ਕਾਰਜਕਾਲ ਵੀ ਤਿੰਨ ਸਾਲ ਦਾ ਹੀ ਹੋਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਯੂਰਪ ਦੇ ਉਘੇ ਸਮਾਜ ਸੇਵਕ ਸ. ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ ਦੱਸਿਆ ਕਿ ਆਪਣਾ ਅਹੁਦਾ ਸੰਭਾਲਣ ਤੋਂ ਹਫਤੇ ਭਰ ਦੇ ਬਾਅਦ ਹੀ ਸੰਜੀਵ ਸਿੰਗਲਾ ਨੇ ਫਰਾਂਸ ਵਿੱਚ ਰਜਿਸਟਰਡ ਭਾਰਤੀ ਸੰਸਥਾਵਾਂ ਦੇ ਮੁੱਖੀਆਂ ਨੂੰ ਸੱਦਾ ਪੱਤਰ ਭੇਜ ਕੇ ਬੁਲਾਇਆ ਅਤੇ ਉਨ੍ਹਾਂ ਨਾਲ ਜਾਣ ਪਹਿਚਾਣ ਕੀਤੀ। ਭਾਰਤੀਆਂ ਦੇ ਸਨਮੁੱਖ ਆਪਣੇ ਪਲੇਠੀ ਭਾਸ਼ਣ ਦੌਰਾਨ ਸੰਜੀਵ ਸਿੰਗਲਾ ਨੇ ਕਿਹਾ ਮੈਂ ਤੁਹਾਡੇ ਸਾਹਿਤ ਫਰਾਂਸ ਵੱਸਦੇ ਹਰੇਕ ਭਾਰਤੀ ਦੀ ਸੇਵਾ ਅਤੇ ਜਰੂਰਤਾਂ ਪੂਰੀਆਂ ਕਰਨ ਵਾਸਤੇ ਹਰ ਵੇਲੇ ਹਾਜਿਰ ਰਹਾਂਗਾ , ਬਸ਼ਰਤੇ ਕਿ ਤੁਹਾਡੀਆਂ ਜਰੂਰਤਾਂ ਕਾਨੂੰਨ ਦੇ ਦਾਇਰੇ ਵਿੱਚ ਹੋਵਣ।
ਸ. ਭੱਟੀ ਨੇ ਦੱਸਿਆ ਕਿ ਭਾਰਤੀ ਸੰਸਥਾਵਾਂ ਦੇ ਮੁੱਖੀਆਂ ਨੇ ਵੀ ਵਾਰੋ ਵਾਰੀ ਆਪਣੇ ਨਾਵਾਂ ਅਤੇ ਸੰਸਥਾਵਾਂ ਦੇ ਕੰਮਾਂ ਕਾਰਾਂ ਬਾਰੇ ਸੰਖੇਪ ਰੂਪ ਵਿੱਚ ਭਾਰਤੀ ਰਾਜਦੁਤ ਨੂੰ ਜਾਣੂ ਕਰਵਾਇਆ ਅਤੇ ਜੀਅ ਆਇਆਂ ਨੂੰ ਕਿਹਾ। ਮੀਟਿੰਗ ਦੀ ਸਮਾਪਤੀ ਉਪਰੰਤ ਸਫਾ੍ਰਤਖਾਨੇ ਦੇ ਅਧਿਕਾਰੀਆਂ ਨੇ ਮੀਟਿੰਗ ਵਿੱਚ ਪਹੁੰਚੇ ਭਾਰਤੀਆਂ ਨੂੰ ਚਾਹ ਪਾਣੀ ਛਕਾ ਕੇ ਚੰਗੀ ਆਉ ਭਗਤ ਕੀਤੀ, ਜਿਸ ਕਰਕੇ ਹਰੇਕ ਭਾਰਤੀ ਸੰਜੀਵ ਸਿੰਗਲਾ ਦੀ ਦਿਆਲਤਾ ਦੀ ਸਿਫਤ ਕਰਦਾ ਨਹੀਂ ਸੀ ਥੱਕ ਰਿਹਾ।





























