
ਪੀਣ ਵਾਲੇ ਪਾਣੀ ਨਾਲ ਰਲ ਕੇ ਘਰਾਂ ਅੰਦਰ ਆ ‘ਰਿਹੈ ਗੰਦਾ ਪਾਣੀ, ਭਿਆਨਕ ਬਿਮਾਰੀ ਫੈਲਣ ਦਾ ਡਰ
ਮੁੱਖਮੰਤਰੀ ਭਗਵੰਤ ਮਾਨ ਨੂੰ ਲਗਾਈ ਗੁਹਾਰ , ਕਿਹਾ- ਭਾਰੀ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਦਾ ਕਰਨਾ ਪੈਂਦਾ ਹੈ ਸਾਹਮਣਾ
‘ਆਪ’ ਸਰਕਾਰ ਸੂਬੇ ਅੰਦਰ ਵਿਕਾਸ ਕਰਵਾਉਣ ਲਈ ਵਚਨਬੱਧ, ਜਲਦ ਹੀ ਇਸ ਸਮੱਸਿਆ ਦਾ ਪੱਕੇ ਤੌਰ ਤੇ ਕੀਤਾ ਜਾਵੇਗਾ ਹੱਲ – ਸੁਰਿੰਦਰ ਸਿੰਘ ਸੋਢੀ
ਜਲੰਧਰ ਕੈਂਟ, ਐਚ ਐਸ ਚਾਵਲਾ। ਵਿਧਾਨਸਭਾ ਜਲੰਧਰ ਕੈਂਟ ਦੇ ਅਧੀਨ ਪੈਂਦੇ ਪਿੰਡ ਅਲਾਦੀਨਪੁਰ ਦੇ ਵਸਨੀਕ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ। ਪਿੰਡ ਦੇ ਅੰਦਰਲੇ ਹਾਲਾਤ ਰੂਹ ਕੰਬਾਉਣ ਵਾਲੇ ਹਨ। ਪਿੰਡ ਦੀਆਂ ਗਲੀਆਂ ਅੰਦਰ ਸੀਵਰੇਜ਼ ਦਾ ਗੰਦਾ ਪਾਣੀ ਖੜਾ ਹੋਣ ਕਰਕੇ ਇਥੇ ਰਹਿ ਰਹੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਬੰਧੀ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀ ਕੈਪਟਨ ਮਨਜੀਤ ਸਿੰਘ, ਸੂਬੇਦਾਰ ਮੇਜਰ ਰਜਿੰਦਰ ਸਿੰਘ, ਮਨੀਜਤ ਸਿੰਘ ਬਾਜਵਾ, ਸਾਬਕਾ ਸਰਪੰਚ ਫੂਲ ਚੰਦ, ਰਾਮ ਸਰੂਪ, ਲੰਬੜਦਾਰ ਮੰਗਤ ਰਾਮ, ਮਲਕੀਤ ਸਿੰਘ, ਜੀਤ ਰਾਮ , ਵਿਜੇ ਕੁਮਾਰ, ਬਚਨ ਕੌਰ, ਕ੍ਰਿਸ਼ਨ ਲਾਲ, ਪਰਵੀਨ, ਪਰਮਜੀਤ, ਮਨਜੀਤ ਕੌਰ, ਰਾਜਵਿੰਦਰ ਕੌਰ, ਪੂਜਾ, ਸਰਬਜੀਤ ਕੌਰ, ਅਮਰਜੀਤ ਕੌਰ, ਪਰਮਜੀਤ ਸਿੰਘ, ਗੁਰਮੇਲ ਸਿੰਘ, ਪ੍ਰਿਆ ਪਾਲ਼, ਮਹਿੰਦਰ ਪਾਲ, ਧਰਮਪਾਲ ਨੇ ਦੱਸਿਆ ਕਿ ਸਾਡੇ ਪਿੰਡ ਨਾਲ ਸ਼ੁਰੂ ਤੋਂ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਹੁਣ ਹਾਲਾਤ ਇਹੋ ਜਿਹੇ ਬਣ ਚੁੱਕੇ ਹਨ ਕਿ ਪਿੰਡ ਵਾਸੀ ਨਰਕ ਭਰੀ ਜਿੰਦਗੀ ਜਿਉਣ ਨੂੰ ਮਜ਼ਬੂਰ ਹਨ।


ਪਿੰਡ ਵਾਸੀਆਂ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਵੱਖ ਵੱਖ ਰਾਜਨੀਤਕ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਪਰ ਕਿਸੇ ਵੀ ਸਰਕਾਰ ਨੇ ਇਸ ਪਿੰਡ ਵਿੱਚ ਸੀਵਰੇਜ ਸਿਸਟਮ ਨਹੀਂ ਪਵਾਇਆ, ਜਿਸਦੇ ਚਲਦਿਆਂ ਇਥੇ ਜੀਵਨ ਬਸ਼ਰ ਕਰ ਰਹੇ ਲੋਕਾਂ ਨੇ ਘਰਾਂ ਅੰਦਰ ਹੀ ਹੋਦੀਆਂ ਬਣਾ ਕੇ ਟਾਇਲਟ ਬਣਾ ਲਈਆਂ। ਪਰ ਹੁਣ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਹੋਦੀਆਂ ਦਾ ਗੰਦਾ ਪਾਣੀ ਬਾਹਰ ਗਲੀਆਂ ਨਾਲੀਆਂ ਵਿੱਚ ਭਰ ਗਿਆ ਹੈ। ਇਸ ਸਮੱਸਿਆ ਪਿਛਲੇ 4 ਸਾਲਾਂ ਤੋਂ ਆ ਰਹੀ ਹੈ। ਇਹ ਹੀ ਨਹੀਂ ਪਿੰਡ ਦੇ ਬਾਹਰ ਵਾਰ ਬਣਿਆ ਹੋਇਆ ਗੰਦਾ ਨਾਲ, ਜਿਸ ਵਿੱਚ ਲਾਗਲੇ ਕਈ ਪਿੰਡਾਂ ਦਾ ਗੰਦਾ ਪਾਣੀ ਆਉਂਦਾ ਹੈ, ਉਹ ਵੀ ਨਕੋ ਨਕ ਭਰਿਆ ਹੋਇਆ ਹੈ ਅਤੇ ਉਸਦਾ ਗੰਦਾ ਪਾਣੀ ਵੀ ਪਿੰਡ ਵਿਚਲੀਆਂ ਗਲੀਆਂ ਅਤੇ ਨਾਲੀਆਂ ਵਿੱਚ ਆ ਕੇ ਖੜਾ ਹੋ ਚੁੱਕਾ ਹੈ, ਜਿਸਦੇ ਹੇਠਾਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵੀ ਆ ਚੁੱਕੀਆਂ ਹਨ ਅਤੇ ਇਹ ਗੰਦਾ ਪਾਣੀ ਪੀਣ ਵਾਲੇ ਪਾਣੀ ਨਾਲ ਰਲ ਕੇ ਘਰਾਂ ਅੰਦਰ ਆ ਰਿਹਾ ਹੈ, ਜਿਸ ਨਾਲ ਭਿਆਨਕ ਬਿਮਾਰੀ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ।


ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸਮੱਸਿਆ ਦੇ ਚਲਦਿਆਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਆਟੋ ਰਿਕਸ਼ਾ ਜਾਂ ਹੋਰ ਸਾਧਨਾ ਰਾਹੀਂ ਇਹਨਾਂ ਗੰਦਗੀ ਨਾਲ ਭਰੀਆਂ ਗਲੀਆਂ ਵਿਚੋਂ ਬਾਹਰ ਲਿਆ ਕੇ ਸਕੂਲਾਂ ਤੱਕ ਪਹੁੰਚਾਇਆ ਜਾਂਦਾ ਹੈ। ਇਹ ਹੀ ਨਹੀਂ ਪਿੰਡ ਦੇ ਬੱਚੇ ਅਤੇ ਬਜ਼ੁਰਗ ਇਸ ਸਮੱਸਿਆ ਤੋਂ ਬਹੁਤ ਹੀ ਪਰੇਸ਼ਾਨ ਹਨ ਕਿਉਂਕਿ ਕੋਈ ਅਣਹੋਣੀ ਹੋਣ ਦੇ ਡਰ ਕਾਰਨ ਉਹ ਕਿਧਰੇ ਆ ਜਾ ਵੀ ਨਹੀਂ ਸਕਦੇ।

ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਇਸ ਸਬੰਧੀ ਕਈ ਵਾਰ ਵਿਧਾਇਕ ਪਰਗਟ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਨੂੰ ਵੀ ਮਿਲ ਚੁੱਕੇ ਹਨ ਅਤੇ ਪ੍ਰਸ਼ਾਸਨ ਨੂੰ ਵੀ ਲਿਖਤੀ ਰੂਪ ਵਿੱਚ ਦੇ ਚੁੱਕੇ ਹਨ ਪਰ ਅਜੇ ਤੱਕ ਇਸ ਪਿੰਡ ਵੱਲ ਕਿਸੇ ਨੇ ਵੀ ਧਿਆਨ ਦਿੰਦਿਆਂ ਕੋਈ ਕਾਰਵਾਈ ਨਹੀਂ ਕੀਤੀ। ਪਿੰਡ ਵਾਸੀਆਂ ਨੇ ਮੁੱਖਮੰਤਰੀ ਪੰਜਾਬ ਭਗਵੰਤ ਮਾਨ ਨੂੰ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਇਸ ਪਿੰਡ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਇਥੋਂ ਦੇ ਵਸਨੀਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਦਵਾਈ ਜਾਵੇ।

ਜਦੋਂ ਇਸ ਬਾਰੇ ਆਮ ਆਦਮੀ ਪਾਰਟੀ ਜਲੰਧਰ ਕੈਂਟ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦੀ ਇਸ ਸਮੱਸਿਆ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੈ ਅਤੇ ਉਨ੍ਹਾਂ ਨੇ ਪਹਿਲਾਂ ਵੀ ਇਸ ਸਮੱਸਿਆ ਦਾ ਹੱਲ ਕੱਢਣ ਲਈ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਮੁੱਖਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਅੰਦਰ ਹਰ ਸ਼ਹਿਰ, ਪਿੰਡ ਅਤੇ ਕਸਬੇ ਦਾ ਵਿਕਾਸ ਕਰਵਾਉਣ ਲਈ ਵਚਨਬੱਧ ਹੈ। ਸ. ਸੋਢੀ ਨੇ ਕਿਹਾ ਕਿ ਉਹ ਪਹਿਲਾਂ ਡਰੇਨ ਰਾਹੀਂ ਇਥੋਂ ਦੀ ਸਫ਼ਾਈ ਕਰਵਾ ਦੇਣਗੇ ਅਤੇ ਜਲਦ ਹੀ ਪਿੰਡ ਵਾਸੀਆਂ ਦੀ ਇਸ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਕਰ ਦਿੱਤਾ ਜਾਵੇਗਾ।





























