
ਪੈਰਿਸ, (PRIME INDIAN NEWS) :- ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਸਮੂਹ ਪ੍ਰਬੰਧਕਾਂ ਨੇ ਦੋਆਬਾ ਸਪੋਰਟਸ ਐਂਡ ਕਲਚਰ ਕਲੱਬ ਦੀ ਸਮੁੱਚੀ ਟੀਮ ਨੂੰ ਸਫਲਤਾ ਪੂਰਵਕ ਕਬੱਡੀ ਟੂਰਨਾਮੈਂਟ ਲੱਖ ਲੱਖ ਮੁਬਾਰਕਾਂ ਦਿੱਤੀਆਂ ਹਨ।
ਗੌਰਤਲਬ ਹੈ ਕਿ ਫਰਾਂਸ ਦੀ ਧਰਤੀ ਤੇ ਦੋਆਬਾ ਸਪੋਰਟਸ ਐਂਡ ਕਲਚਰ ਕਲੱਬ ਦੀ ਪ੍ਰਬੰਧਕੀ ਟੀਮ ਨੇ ਯੂਨਾਈਟਿਡ ਕਬੱਡੀ ਫੈਡਰੇਸ਼ਨ(ਯੂਰਪ) ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਹੁਤ ਹੀ ਸਫਲਤਾ ਪੂਰਵਕ ਕਬੱਡੀ ਟੂਰਨਾਮੈਂਟ ਕਰਵਾਇਆ, ਜਿਸ ਵਿੱਚ ਪੰਜਾਬ ਤੋਂ ਯੂਰਪ ਖੇਡਣ ਆਏ ਨਾਮਵਰ ਖਿਡਾਰੀਆਂ ਦੀਆਂ 6 ਟੀਮਾਂ ਨੇ ਭਾਗ ਲਿਆ।
ਇਨ੍ਹਾਂ ਮੁਕਾਬਲਿਆਂ ਵਿੱਚੋਂ ਇਟਲੀ ਦੀ ਕਬੱਡੀ ਟੀਮ ਨੇ ਪਹਿਲਾ ਅਤੇ ਹੌਲੈਂਡ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ, ਜਦਕਿ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਅਤੇ ਸਾਂਝਾ ਸਪੋਰਟਸ ਕਲੱਬ ਜਰਮਨੀ ਦੀਆਂ ਟੀਮਾਂ ਸੈਮੀਫਾਈਨਲ ਮੈਚਾਂ ਵਿੱਚੋਂ ਮਿਲੀ ਹਾਰ ਕਾਰਨ ਯੂਰਪ ਕੱਪ ਮੁਕਾਬਲੇ ਤੋਂ ਬਾਹਰ ਹੋ ਗਈਆਂ ਸਨ।
ਦੋਆਬਾ ਸਪੋਰਟਸ ਕਲੱਬ ਦੇ ਸੁਚੱਜੇ ਪ੍ਰਬੰਧਾਂ ਕਾਰਨ ਇਹ ਟੂਰਨਾਮੈਂਟ ਬਿਨਾਂ ਕਿਸੇ ਵਾਦ ਵਿਵਾਦ ਦੇ ਸੰਪਨ ਹੋਇਆ, ਜਿਸ ਵਾਸਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਦਰਸ਼ਕਾਂ ਵਾਸਤੇ ਜਗਾਹ ਜਗਾਹ ਖਾਣ ਪੀਣ ਦੇ ਸਟਾਲ ਵੀ ਸਿਲਸਿਲੇਵਾਰ ਤਰੀਕੇ ਨਾਲ ਲਗਾਏ ਹੋਏ ਸਨ, ਜਿਸ ਨਾਲ ਪੰਜਾਬ ਦੇ ਮੇਲਿਆਂ ਵਰਗਾ ਮਾਹੌਲ ਨਜਰ ਆਉਂਦਾ ਸੀ।
ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਸਮੂਹ ਪ੍ਰਬੰਧਕਾਂ ਵੱਲੋਂ ਇਸ ਸ਼ਲਾਘਾਯੋਗ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਦੋਆਬਾ ਸਪੋਰਟਸ ਕਲੱਬ ਦੀ ਸਮੁੱਚੀ ਟੀਮ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ ਗਈਆਂ ਹਨ।





























