
ਜਲੰਧਰ, ਐਚ ਐਸ ਚਾਵਲਾ। ਪਿਛਲੇ ਦਿਨੀ ‘ਭਾਰਤ ਦੇ ਸਵਿਟਜ਼ਰਲੈਂਡ’ ਕਹੇ ਜਾਂਦੇ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ 26 ਭਾਰਤੀਆਂ ਨੂੰ ਕਾਇਰਾਨਾ ਢੰਗ ਨਾਲ ਕਤਲੇਆਮ ਕਰਨ ਦੀ ਘਟਨਾ ਨੇ ਪੂਰੇ ਭਾਰਤ ਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸਦੇ ਪ੍ਰਤੀਕਰਮ ਵਿੱਚ ਸਰਕਾਰ ਵੱਲੋਂ ਪਾਕਿਸਤਾਨ ਅਧਿਕਾਰਿਤ ਕਸ਼ਮੀਰ ਵਿੱਚ ਆਤੰਕਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰਨ ਲਈ ਤਿੰਨੇ ਸੈਨਾਵਾਂ ਦੇ ਸਹਿਯੋਗ ਨਾਲ ਆਪਰੇਸ਼ਨ ‘ਸਿੰਧੂਰ’ ਲਾਂਚ ਕੀਤਾ ਗਿਆ। ਇਸਤੋਂ ਬਾਅਦ ਪਾਕਿਸਤਾਨੀ ਸੈਨਾ ਨੇ ਭਾਰਤ ਤੇ ਹਵਾਈ ਅਤੇ ਜ਼ਮੀਨੀ ਹਮਲੇ ਸ਼ੁਰੂ ਕਰ ਦਿੱਤੇ।

ਇਸ ਜੰਗ ਵਰਗੀ ਸੰਕਟਕਾਲੀਨ ਸਥਿਤੀ ਵਿੱਚ ਵਿਸ਼ਵ ਦੀ ਸਭਤੋਂ ਵੱਡੀ ਨੌਜਵਾਨਾਂ ਦੀ ਵਰਦੀਧਾਰੀ ਸੰਸਥਾ ਐਨ.ਸੀ.ਸੀ ਜਿਸ ਨੂੰ ਕਿ ‘ਰੱਖਿਆ ਦੀ ਦੂਸਰੀ ਕਤਾਰ’ ਵੀ ਕਿਹਾ ਜਾਂਦਾ ਹੈ ਦਾ ਹਰਕਤ ਵਿੱਚ ਆਉਣਾ ਲਾਜ਼ਮੀ ਸੀ । ਡਾਇਰੈਕਟਰ ਜਨਰਲ ਐੱਨ.ਸੀ.ਸੀ ਲੈਫਟੀਨੈਟ ਜਨਰਲ ਗੁਰਬੀਰਪਾਲ ਸਿੰਘ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਦੇਸ਼ ਭਰ ਵਿੱਚ ਐੱਨ.ਸੀ.ਸੀ ਕੈਡਿਟਾਂ ਨੂੰ ਜੰਗੀ ਪੱਧਰ ਤੇ ਸਿਖਲਾਈ ਸ਼ੁਰੂ ਕਰਵਾਈ ਗਈ। ਇਸ ਤੇ ਅੰਤਰਗਤ ਕਮਾਂਡਿੰਗ ਅਫਸਰ ਕਰਨਲ ਵਿਨੋਦ ਜੋਸ਼ੀ, 2 ਪੰਜਾਬ ਬਟਾਲੀਅਨ ਐੱਨ.ਸੀ.ਸੀ ਜਲੰਧਰ ਦੀ ਯੋਗ ਅਗਵਾਈ ਵਿੱਚ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਐੱਨ.ਸੀ.ਸੀ ਕੈਡਿਟਾਂ ਨੂੰ ਸਿਵਿਲ ਡਿਫੈਂਸ ਅਤੇ ਬਚਾਅ ਤਕਨੀਕਾ ਦੀ ਸਿਖਲਾਈ ਦਿੱਤੀ ਗਈ ।

ਸਕੂਲ ਆਫ ਐਮੀਨੈਂਸ, ਟਾਂਡਾ ਵਿਖੇ ਸਟੇਟ ਡਿਜਾਸਟਰ ਰਿਸਪਾਂਸ ਫੋਰਸ ਦੀ 7ਵੀਂ ਬਟਾਲੀਅਨ, ਬਠਿੰਡਾ ਦੀ 16 ਮੈਂਬਰੀ ਟੀਮ ਵੱਲੋਂ ਅਸਿਸਟੈਂਟ ਕਮਾਂਡਰ ਪੰਕਜ ਸ਼ਰਮਾ ਦੀ ਅਗਵਾਈ ਵਿੱਚ ਐੱਨ.ਸੀ.ਸੀ ਕੈਡਿਟਾਂ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਜੰਗ ਦੇ ਹਾਲਾਤਾਂ ਵਿੱਚ ਦਿਨ ਅਤੇ ਰਾਤ ਸਮੇਂ ਹਵਾਈ ਹਮਲੇ ਦੀ ਸਥਿਤੀ, ਅੱਗ ਲੱਗ ਜਾਣ ਦੀ ਸਥਿਤੀ , ਕੁਦਰਤੀ ਅਤੇ ਮਨੁੱਖੀ ਆਪਦਾ ਦੀ ਸਥਿਤੀ ਵਿੱਚ ਜ਼ਖਮੀਆਂ ਅਤੇ ਬਿਮਾਰਾਂ ਨੂੰ ਮੁਢਲੀ ਸਹਾਇਤਾ ਦੀਆਂ ਵਿਧੀਆਂ ਸਿਖਾਈਆਂ ਗਈਆਂ ਤਾਂ ਜੋ ਆਪਾਤਕਾਲੀਨ ਸਥਿਤੀ ਵਿੱਚ ਤੁਰੰਤ ਸਹਾਇਤਾ ਪਹੁੰਚਾਈ ਜਾ ਸਕੇ ।
ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਕਮਾਂਡਿੰਗ ਅਫਸਰ ਕਰਨਲ ਵਿਨੋਦ ਜੋਸ਼ੀ ਅਤੇ ਅਸਿਸਟੈਂਟ ਕਮਾਂਡਿੰਗ ਅਫ਼ਸਰ ਪੰਕਜ ਸ਼ਰਮਾ ਨੇ ਭਾਰਤੀ ਯੁਵਾਵਾਂ ਨੂੰ ਦੇਸ਼ ਦੀ ਬਾਹਰੀ ਤੇ ਅੰਦਰੂਨੀ ਸਰਹੱਦਾਂ ਦੀ ਸੁਰੱਖਿਆ ਅਤੇ ਹਰੇਕ ਚੁਨੌਤੀ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਦਾ ਜ਼ਜ਼ਬਾ ਭਰਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਐੱਨ.ਸੀ.ਸੀ ਅਫ਼ਸਰ ਵਿਪੁਲ ਸਿੰਘ ਵੱਲੋਂ ਉਕਤ ਸਿਖਲਾਈ ਪ੍ਰੋਗਰਾਮ ਦੇ ਪ੍ਰਬੰਧ ਅਤੇ ਸੰਚਾਲਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਗਿਆ। ਇਸ ਪੂਰੀ ਸਿਖਲਾਈ ਦੌਰਾਨ ਸਮੂਹ ਸਟਾਫ਼ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ ।





























