
ਲੁਧਿਆਣਾ, (PRIME INDIAN NEWS) :- ਇਸ ਸਮੇਂ ਦੀ ਵੱਡੀ ਖ਼ਬਰ ਪੰਜਾਬ ਦੇ ਲੁਧਿਆਣਾ ਤੋਂ ਆ ਰਹੀ ਹੈ। ਸਮਰਾਲਾ ਦੇ ਪਿੰਡ ਦਿਆਲਪੁਰਾ ਨੇੜੇ ਫਲਾਈਓਵਰ ‘ਤੇ ਬੀਤੀ ਰਾਤ 1 ਵਜੇ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਲੁਧਿਆਣਾ ਪੂਰਬੀ ਦੇ ACP ਸੰਦੀਪ ਸਿੰਘ ਅਤੇ ਉਨ੍ਹਾਂ ਦੇ ਗੰਨਮੈਨ ਪਰਮਜੋਤ ਸਿੰਘ ਦੀ ਮੌਤ ਹੋ ਗਈ ਹੈ।

ਜਾਣਕਾਰੀ ਮੁਤਾਬਿਕ ACP ਸੰਦੀਪ ਸਿੰਘ ਆਪਣੇ ਗੰਨਮੈਨ ਅਤੇ ਡਰਾਈਵਰ ਨਾਲ ਫਾਰਚੂਨਰ ਗੱਡੀ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਆ ਰਹੇ ਸਨ ਕਿ ਸਮਰਾਲਾ ਨੇੜਲੇ ਪਿੰਡ ਦਿਆਲਪੁਰਾ ਨੇੜੇ ਫਲਾਈਓਵਰ ’ਤੇ ਓਵਰਟੇਕ ਕਰ ਰਹੀ ਸਕਾਰਪੀਓ ਗੱਡੀ ਨਾਲ ਉਸ ਦੀ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਦੋਵੇਂ ਜ਼ਿੰਦਾ ਸੜ ਗਏ।
ਮੌਕੇ ‘ਤੇ ਮੌਜੂਦ ਲੋਕਾਂ ਨੇ ਤਿੰਨਾਂ ਨੂੰ ਗੱਡੀ ‘ਚੋਂ ਬਾਹਰ ਕੱਢ ਲਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ACP ਸੰਦੀਪ ਸਿੰਘ ਅਤੇ ਗੰਨਮੈਨ ਪਰਮਜੋਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜ਼ਖ਼ਮੀ ਡਰਾਈਵਰ ਨੂੰ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਟੱਕਰ ਇੰਨੀ ਭਿਆਨਕ ਸੀ ਕਿ ਫਾਰਚੂਨਰ ਕਾਰ ਨੂੰ ਅੱਗ ਲੱਗ ਗਈ ਅਤੇ ਕੁਝ ਹੀ ਮਿੰਟਾਂ ਵਿੱਚ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲਾ ਲੁਧਿਆਣਾ ਦੀ ਪੁਲਿਸ ਮੌਕੇ ਤੇ ਪਹੁੰਚ ਗਈ।





























