
ਜਲੰਧਰ ਕੈਂਟ, (ਐਚ ਐਸ ਚਾਵਲਾ/ਸੈਵੀ ਚਾਵਲਾ) :- ਜਲੰਧਰ ਕੈਂਟ ਦੇ ਮੁਹੱਲਾ ਨੰ: 10 ਵਿੱਚ ਸਥਿਤ ਇਕ ਕਰਿਆਨੇ ਦੀ ਦੁਕਾਨ ਦੇ ਗੱਲੇ ‘ਚੋਂ 30 ਹਜ਼ਾਰ ਰੁਪਏ ਚੋਰੀ ਕਰਕੇ ਚੋਰ ਫਰਾਰ ਹੋ ਗਿਆ। ਵਾਰਦਾਤ ਦੇ ਬਾਅਦ ਭੱਜਦਾ ਹੋਇਆ ਚੋਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ, ਜਿਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਜਾਂਚ ਤੋਂ ਬਾਅਦ ਅਣਪਛਾਤੇ ਚੋਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਿਕ ਮੁਹੱਲਾ ਨੰਬਰ 10 ਦੇ ਵਸਨੀਕ ਸੰਦੀਪ ਗਰਗ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਕਰਿਆਨੇ ਦੀ ਦੁਕਾਨ ਚਲਾ ਰਿਹਾ ਹੈ। ਉਹ ਗੱਲੇ ਨੂੰ ਤਾਲਾ ਲਾ ਕੇ ਗਾਹਕ ਦੇ ਘਰ ਸਾਮਾਨ ਦੇਣ ਗਿਆ ਸੀ ਅਤੇ ਜਦੋਂ ਵਾਪਸ ਆਇਆ ਤਾਂ ਗੱਲੇ ਦਾ ਤਾਲਾ ਟੁੱਟਿਆ ਹੋਇਆ ਸੀ। ਚੋਰ ਗੱਲੇ ਅੰਦਰ ਪਏ 30 ਹਜ਼ਾਰ ਰੁਪਏ ਚੋਰੀ ਕਰਕੇ ਫ਼ਰਾਰ ਹੋ ਗਿਆ ਸੀ। ਜਦੋਂ ਉਸ ਨੇ ਚੋਰ ਨੂੰ ਫੜਨ ਲਈ ਦੁਕਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਘਟਨਾ ਦਾ ਪਤਾ ਲੱਗ ਗਿਆ।
ਉਸ ਨੇ ਥਾਣਾ ਕੈਂਟ ਵਿੱਚ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਥਾਣਾ ਕੈਂਟ ਦੇ ਤਫਤੀਸ਼ੀ ਅਫਸਰ ASI ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਚੋਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੌਕੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ।





























