ਦੇਸ਼ਦੁਨੀਆਂਪੰਜਾਬ

ਪੰਜਾਬ ਪੁਲਿਸ ਨੇ ਪੁਲਿਸ ਕਰਮਚਾਰੀਆਂ ਦੇ ਬੱਚਿਆਂ ਨੂੰ UPSC ਪ੍ਰੀਖਿਆਵਾਂ ਲਈ ਮਿਆਰੀ ਕੋਚਿੰਗ ਪ੍ਰਦਾਨ ਕਰਨ ਲਈ ਸਟੱਡੀ ਅਕੈਡਮੀ ਨਾਲ ਕੀਤਾ ਕਰਾਰ

ਰਿਆਇਤੀ ਦਰਾਂ ‘ਤੇ IAS , PCS ਕੋਚਿੰਗ ਪ੍ਰਦਾਨ ਕਰਨ ਲਈ MOU ’ਤੇ ਕੀਤੇ ਹਸਤਾਖ਼ਰ, ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ ਸੌ ਫੀਸਦੀ ਫੀਸ ਮੁਆਫੀ ਦਾ ਲਾਭ – ADGP ਐਮ.ਐਫ. ਫਾਰੂਕੀ

ਜਲੰਧਰ, ਐਚ ਐਸ ਚਾਵਲਾ। ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਬੱਚਿਆਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਡਾਇਰੈਕਟਰ ਜਨਰਲ ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਿਸ ਵੱਲੋਂ ਪ੍ਰਸਿੱਧ ਆਈ.ਏ.ਐਸ. ਸਟੱਡੀ ਗਰੁੱਪ, ਚੰਡੀਗੜ੍ਹ ਨਾਲ ਇੱਕ ਐਮ.ਓ.ਯੂ. ’ਤੇ ਹਸਤਾਖਰ ਕੀਤੇ ਗਏ ਹਨ। ਏ.ਡੀ.ਜੀ.ਪੀ., ਪੀ.ਏ.ਪੀ. ਐੱਮ.ਐੱਫ. ਫਾਰੂਕੀ ਅਤੇ ਆਈ.ਏ.ਐਸ. ਸਟੱਡੀ ਗਰੁੱਪ ਦੇ ਡਾਇਰੈਕਟਰ ਰਾਜ ਮਲਹੋਤਰਾ ਨੇ ਇਥੇ ਪੀਏਪੀ ਕੈਂਪਸ ਵਿੱਚ ਕਰਵਾਏ ਇਕ ਸਮਾਰੋਹ ਦੌਰਾਨ ਸਮਝੌਤੇ ’ਤੇ ਰਸਮੀ ਤੌਰ ’ਤੇ ਹਸਤਾਖਰ ਕੀਤੇ।

ਇਸ ਮੌਕੇ ਬੋਲਦਿਆਂ ਏ.ਡੀ.ਜੀ.ਪੀ. ਐਮ.ਐਫ. ਫਾਰੂਕੀ ਨੇ ਕਿਹਾ ਕਿ ਇਸ ਕਰਾਰ ਦਾ ਉਦੇਸ਼ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਬੱਚਿਆਂ ਨੂੰ ਘੱਟ ਦਰਾਂ ’ਤੇ ਆਈ.ਏ.ਐਸ., ਪੀ.ਸੀ.ਐਸ ਅਤੇ ਹੋਰ ਸਬੰਧਤ ਸੇਵਾਵਾਂ ਆਦਿ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮਿਆਰੀ ਕੋਚਿੰਗ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੀ.ਏ.ਪੀ. ਕੈਂਪਸ ਦੇ ਅੰਦਰ ਸ਼ੁਰੂ ਕੀਤੇ ਜਾਣ ਵਾਲੇ ਕੋਚਿੰਗ ਸੈਂਟਰ ਦੀ ਕੁੱਲ ਕੋਰਸ ਫੀਸ 1,40,000 ਰੁਪਏ ਹੋਵੇਗੀ। ਹਾਲਾਂਕਿ ਪੁਲਿਸ ਕਰਮਚਾਰੀਆਂ ਦੇ ਬੱਚਿਆਂ ਨੂੰ ਢੁੱਕਵੀਂ ਛੋਟ ਦਿੱਤੀ ਜਾਵੇਗੀ। ਇੰਸਪੈਕਟਰ ਰੈਂਕ ਤੱਕ ਦੇ ਅਫ਼ਸਰਾਂ ਦੇ ਪਰਿਵਾਰਾਂ ਲਈ 50 ਫੀਸਦੀ ਦੀ ਛੋਟ ਨਾਲ ਫੀਸ 70,000 ਰੁਪਏ ਹੋਵੇਗੀ ਜਦਕਿ ਡੀਐਸਪੀ ਅਤੇ ਉੱਚ ਦਰਜੇ ਦੇ ਅਫ਼ਸਰਾਂ ਦੇ ਬੱਚਿਆਂ ਲਈ ਫੀਸ ਵਿੱਚ 40 ਫੀਸਦੀ ਛੋਟ ਹੋਵੇਗੀ।

ਉਨ੍ਹਾਂ ਅੱਗੇ ਦੱਸਿਆ ਪੁਲਿਸ ਸ਼ਹੀਦਾਂ ਦੇ ਪਰਿਵਾਰਾਂ ਨੂੰ 100 ਫੀਸਦੀ ਫੀਸ ਮੁਆਫੀ ਦਾ ਲਾਭ ਦਿੱਤਾ ਜਾਵੇਗਾ, ਜਿਸ ਨਾਲ ਉਨ੍ਹਾਂ ਦੇ ਬੱਚੇ ਬਿਲਕੁਲ ਮੁਫ਼ਤ ਕੋਚਿੰਗ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਇਨ੍ਹਾਂ ਪਰਿਵਾਰਾਂ ਵਲੋਂ ਕੀਤੀਆਂ ਕੁਰਬਾਨੀਆਂ ਦਾ ਸਨਮਾਨ ਕਰਨ ਲਈ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਸ ਤੋਂ ਇਲਾਵਾ ਫੀਸ ਤਿੰਨ ਕਿਸ਼ਤਾਂ ਵਿੱਚ ਛੇ ਮਹੀਨਿਆਂ ਦੀ ਮਿਆਦ ਵਿੱਚ ਅਦਾ ਕੀਤੀ ਜਾ ਸਕਦੀ ਹੈ। ਜੇਕਰ ਉਮੀਦਵਾਰ ਸਿਲੈਕਟ ਨਹੀਂ ਹੁੰਦਾ ਤਾਂ ਉਸ ਪਾਸੋਂ ਅਗਲੇ ਸਾਲਾਂ ਲਈ ਹੋਰ ਫੀਸ ਨਹੀਂ ਲਈ ਜਾਵੇਗੀ।

ਇਸ ਤੋਂ ਇਲਾਵਾ ਐਮ.ਓ.ਯੂ. ਵਿੱਚ ਅਕਾਦਮਿਕ ਤੌਰ ‘ਤੇ ਯੋਗ ਪਰ ਆਰਥਿਕ ਤੌਰ ’ਤੇ ਕਮਜ਼ੋਰ ਉਮੀਦਵਾਰਾਂ ਲਈ 50 ਫੀਸਦੀ ਸਕਾਲਰਸ਼ਿਪ ਦੀ ਵੀ ਵਿਵਸਥਾ ਸ਼ਾਮਲ ਹੈ, ਜੋ ਕਿ ਗੈਰ-ਸਰਕਾਰੀ ਸੰਗਠਨ ‘ਜੋਏ ਆਫ਼ ਗਾਈਡੈਂਸ’ ਦੇ ਸਹਿਯੋਗ ਨਾਲ ਪ੍ਰਦਾਨ ਕੀਤੀ ਜਾਵੇਗੀ।

ਏ.ਡੀ.ਜੀ.ਪੀ. ਨੇ ਇਹ ਵੀ ਕਿਹਾ ਕਿ ਪ੍ਰਾਈਵੇਟ ਵਿਅਕਤੀ ਵੀ 10 ਫੀਸਦੀ ਦੀ ਛੋਟ ‘ਤੇ ਪੀ.ਏ.ਪੀ. ਕੈਂਪਸ ਦੇ ਅੰਦਰ ਕੋਚਿੰਗ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ ਗੈਰ-ਪੁਲਿਸ ਪਰਿਵਾਰਾਂ ਵੱਲੋਂ ਅਦਾ ਕੀਤੀ ਗਈ ਫ਼ੀਸ ਦਾ 10 ਫੀਸਦੀ ਸੀ.ਐਸ.ਆਰ. ਪਹਿਲਕਦਮੀ ਤਹਿਤ ਪੀ.ਏ.ਪੀ. ਨੂੰ ਯੋਗਦਾਨ ਵਜੋਂ ਵਾਪਸ ਦਿੱਤਾ ਜਾਵੇਗਾ।

ਕੋਚਿੰਗ ਕਲਾਸਾਂ ਹਫ਼ਤੇ ਵਿੱਚ ਛੇ ਦਿਨ ਸ਼ਾਮ 3-5 ਵਜੇ ਤੱਕ ਪੀ.ਏ.ਪੀ. ਬਟਾਲੀਅਨ, ਜਲੰਧਰ ਦੇ ਅੰਦਰ ਖੇਤਰੀ ਸਿਖਲਾਈ ਕੇਂਦਰ (ਆਰ.ਟੀ.ਸੀ.) ਵਿਖੇ ਲਗਾਈਆਂ ਜਾਣਗੀਆਂ। ਇਸ ਮੌਕੇ ਡੀ.ਆਈ.ਜੀ./ਪ੍ਰਸ਼ਾਸਨ ਪੀ.ਏ.ਪੀ. ਇੰਦਰਬੀਰ ਸਿੰਘ, ਡੀ.ਆਈ.ਜੀ. ਪੀ.ਏ.ਪੀ.-2 ਰਾਜਪਾਲ ਸਿੰਘ ਸੰਧੂ, ਆਈਪੀਐਸ ਅਤੇ ਐਸ.ਪੀ. ਮਨਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

ਇਹ ਪਹਿਲਕਦਮੀ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਬੱਚਿਆਂ ਨੂੰ ਵਿੱਦਿਅਕ ਅਵਸਰ ਪ੍ਰਦਾਨ ਕਰਨ, ਉਨ੍ਹਾਂ ਨੂੰ ਉੱਤਮ ਪ੍ਰਦਰਸ਼ਨ ਕਰਨ ਅਤੇ ਆਪਣੇ ਪਰਿਵਾਰਾਂ ਦਾ ਮਾਣ ਵਧਾਉਣ ਲਈ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ।

Related Articles

Leave a Reply

Your email address will not be published. Required fields are marked *

Back to top button