
ਪੈਰਿਸ, (PRIME INDIAN NEWS) :- ਫਰਾਂਸ ਸਰਕਾਰ ਦੁਆਰਾ 2003 ਵਿੱਚ ਇੱਕ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕੀਤਾ ਗਿਆ ਸੀ, ਜਿਸ ਮੁਤਾਬਿਕ ਸਕੂਲੀ ਬੱਚੇ ਕੋਈ ਵੀ ਧਾਰਮਿਕ ਚਿੰਨ ਪਹਿਨ ਕੇ ਸਕੂਲ ਨਹੀਂ ਸਨ ਜਾ ਸਕਦੇ | ਇਸ ਕਾਨੂੰਨ ਦੇ ਬਣਨ ਮਗਰੋਂ ਮੁਸਲਿਮ ਸਮਾਜ ਦੇ ਬੱਚੇ ਤਾਂ ਖੁਸ਼ ਹੋਏ ਸਨ, ਕਿਉਂਕਿ ਉਹ ਯੂਰਪ ਦੇ ਜੰਮਪਲ ਹੋਣ ਕਾਰਨ ਹਿਜਾਬ ਪਹਿਨਣਾ ਹੀ ਨਹੀਂ ਸਨ ਚਾਹੁੰਦੇ, ਐਪਰ ਸਿੱਖ ਬੱਚੇ ਵੀ ਇਸ ਕਾਨੂੰਨ ਦੇ ਘੇਰੇ ਵਿੱਚ ਆ ਗਏ | ਇਸ ਬਾਰੇ ਫਰਾਂਸ ਵੱਸਦੀ ਸਿੱਖ ਕਮੀਉਨਿਟੀ ਦੇ ਮੋਹਰੀਆਂ ਨੇ ਤਾਂ ਉਸ ਵਕਤ ਸਰਕਾਰ ਪੱਖੀ ਅਧਿਕਾਰੀਆਂ ਨੂੰ ਸਮਝਾ ਬੁਝਾ ਕੇ ਸਿੱਖ ਬੱਚਿਆਂ ਦੇ ਸਿਰਾਂ ਤੇ ਪਟਕੇ ਦੀ ਜਗਾਹ ਜੂਰੇ ਉੱਪਰ ਕਾਲੀ ਜਾਲੀ ਜਾਂ ਛੋਟਾ ਜਿਹਾ ਕਾਲੇ ਰੰਗ ਦਾ ਰੁਮਾਲ ਬੰਨਣਾ ਪ੍ਰਵਾਨ ਕਰ ਲਿਆ ਸੀ | ਐਪਰ ਹੁਣ ਕਈ ਸਾਲ਼ ਬੀਤ ਜਾਣ ਉਪਰੰਤ ਫਿਰ ਦੁਬਾਰਾ ਕਈ ਸਕੂਲਾਂ ਦੇ ਪ੍ਰਬੰਧਕਾਂ ਨੇ ਜੂੜੇ ਤੇ ਰੁਮਾਲ ਪਾਉਣ ਤੋਂ ਵੀ ਮਨਾ ਕਰ ਦਿੱਤਾ ਹੈ। ਸੋ ਇਸ ਮਸਲੇ ਨੂੰ ਫਰਾਂਸ ਸਰਕਾਰ ਨਾਲ ਦੁਬਾਰਾ ਵਿਚਾਰ ਵਿਮਰਸ਼ ਕਰਨ ਦੀ ਰੂਪ ਰੇਖਾ ਤਿਆਰ ਕਰਨ ਹਿੱਤ, ਫਰਾਂਸ ਦੇ ਸਮੂਹ ਗੁਰਦੁਆਰਿਆਂ ਦੀ ਇੱਕ ਸਾਂਝੀ ਮੀਟਿੰਗ, ਗੁਰਦੁਆਰਾ ਬਾਬਾ ਮੱਖਣ ਸ਼ਾਹ ਜੀ ਲੁਬਾਣਾ (ਲਾ-ਬੁਰਜੇ) ਵਿਖੇ 10 ਨਵੰਬਰ ਦਿਨ ਐਤਵਾਰ ਨੂੰ ਦੁਪਹਿਰੋਂ ਬਾਅਦ 2 ਵਜੇ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਗੁਦੁਆਰਾ ਸਾਹਿਬ ਲਾ-ਬੁਰਜੇ ਦੀ ਪ੍ਰਬੰਧਕ ਕਮੇਟੀ ਵੱਲੋਂ ਮੀਟਿੰਗ ਵਿੱਚ ਹਾਜਿਰ ਨੁਮਾਇੰਦਿਆਂ ਕੋਲੋਂ ਇਸ ਸਬੰਧੀ ਸੁਝਾਅ ਮੰਗੇ ਜਾਣਗੇ ਕਿ ਸਕੂਲ ਦੇ ਸਟਾਫ ਨਾਲ ਕਿਸ ਤਰੀਕੇ ਗੱਲ ਕੀਤੀ ਜਾ ਸਕਦੀ ਹੈ, ਤਾਂ ਕਿ ਬੱਚੇ ਪਹਿਲਾਂ ਵਾਲੀ ਪੋਜੀਸ਼ਨ ਵਿੱਚ ਹੀ ਸਕੂਲ ਜਾਇਆ ਕਰਨ।





























