
ਸੀ.ਐੱਲ.ਆਰ.ਆਈ. ਦੇ ਖੇਤਰੀ ਦਫ਼ਤਰ ਵੱਲੋਂ ਜ਼ਿਲ੍ਹੇ ਦੇ ਚਮੜਾ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਸਲਾਹਿਆ
ਜਲੰਧਰ, ਐਚ ਐਸ ਚਾਵਲਾ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਸਥਾਨਕ ਲੈਦਰ ਕੰਪਲੈਕਸ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਕਾਮਨ ਏਫਲੂਐਂਟ ਟ੍ਰੀਟਮੈਂਟ ਪਲਾਂਟ (ਸੀ.ਈ.ਟੀ.ਪੀ.) ਦਾ ਜਾਇਜ਼ਾ ਲਿਆ ।
ਉਦਯੋਗਪਤੀਆਂ ਵੱਲੋਂ ਲੈਦਰ ਕੰਪਲੈਕਸ ਦੇ ਵੈਟ ਜ਼ੋਨ ਏਰੀਏ ਵਿੱਚ ਸੀਵਰੇਜ ਦਾ ਪਾਣੀ ਓਵਰ ਫਲੋਅ ਹੋਣ, ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਵੱਲੋਂ ਉਨ੍ਹਾਂ ਦੇ ਨਾਮ ‘ਤੇ ਅਲਾਟ/ਟਰਾਂਸਫਰ ਕੀਤੇ ਫੈਕਟਰੀ ਪਲਾਟਾਂ ਦੇ ਮਾਲਕੀ ਹੱਕ ਸਬੰਧੀ ਮੁਸ਼ਕਲਾਂ, ਸੀ.ਈ.ਟੀ.ਪੀ. ਦੀਆਂ ਯੁਨਿਟਾਂ ਦੀ ਰੀ-ਕੰਡੀਸ਼ਨਿੰਗ ਦੀ ਲੋੜ ਸਬੰਧੀ ਮਸਲੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਰੱਖੇ ਗਏ। ਉਨ੍ਹਾਂ ਇਹ ਵੀ ਕਿਹਾ ਕਿ ਸਬੰਧਤ ਮਾਮਲਿਆਂ ਵਿੱਚ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗਾਂ ਨੂੰ ਆਪਣੇ ਕਾਰੋਬਾਰ ਲਈ ਸੁਖਾਵਾਂ ਤੇ ਬਿਹਤਰ ਮਾਹੌਲ ਦੇਣ ਲਈ ਵਚਨਬੱਧ ਹੈ।
ਮੀਟਿੰਗ ਉਪਰੰਤ ਡਿਪਟੀ ਕਮਿਸ਼ਨਰ ਨੇ ਟੈਨਰੀ ਸੀ.ਈ.ਟੀ.ਪੀ. ਦਾ ਦੌਰਾ ਕਰਦਿਆਂ ਇਸਦੀ ਕਾਰਜਪ੍ਰਣਾਲੀ ਦਾ ਜਾਇਜ਼ਾ ਲਿਆ।
ਸੀ.ਈ.ਟੀ.ਪੀ. ਨਾਲ ਸਬੰਧਤ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਿ 28.64 ਕਰੋੜ ਦੀ ਲਾਗਤ ਵਾਲਾ ਸੀ.ਈ.ਟੀ.ਪੀ. ਦੀ ਅਪਗ੍ਰੇਡੇਸ਼ਨ ਸਬੰਧੀ ਪ੍ਰਾਜੈਕਟ ਲਈ ਪਹਿਲਾਂ ਹੀ ਮਨਜ਼ੂਰ ਹੋ ਚੁੱਕਾ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸੈਂਟਰਲ ਲੈਦਰ ਰਿਸਰਚ ਇੰਸਟੀਚਿਊਟ ਦੇ ਖੇਤਰੀ ਦਫ਼ਤਰ ਦੌਰਾ ਵੀ ਕੀਤਾ ਗਿਆ। ਉਨ੍ਹਾਂ ਜਲੰਧਰ ਦੇ ਚਮੜਾ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਸੀ.ਐੱਲ.ਆਰ.ਆਈ. ਦੇ ਖੇਤਰੀ ਦਫ਼ਤਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ।
ਮੀਟਿੰਗ ਵਿੱਚ ਨੋਡਲ ਅਫ਼ਸਰ, ਸੀ.ਈ.ਟੀ.ਪੀ. ਕੇ.ਸੀ. ਡੋਗਰਾ ਅਤੇ ਚਮੜਾ ਉਦਯੋਦ ਨਾਲ ਜੁੜੇ ਪ੍ਰਮੁੱਖ ਉਦਯੋਗਪਤੀ ਹੀਰਾ ਲਾਲ ਵਰਮਾ, ਪ੍ਰਵੀਨ ਕੁਮਾਰ, ਦੀਪਕ ਚਾਵਲਾ, ਅਮਨਦੀਪ ਸਿੰਘ ਅਤੇ ਜਤਿੰਦਰ ਕੁਮਾਰ ਵੀ ਮੌਜੂਦ ਸਨ।





























