ਦੇਸ਼ਦੁਨੀਆਂਪੰਜਾਬ

ਡਿਪਟੀ ਕਮਿਸ਼ਨਰ ਨੇ ਜ਼ਰੂਰਤਮੰਦ ਬੱਚਿਆਂ ਨੂੰ ਮਿਸ਼ਨ ਵਾਤਸੱਲਿਆ ਸਕੀਮ ਤਹਿਤ ਸਪਾਂਸਰਸ਼ਿਪ ਦੇ ਚੈੱਕ ਵੰਡੇ

48 ਲਾਭਪਾਤਰੀਆਂ ਲਈ 23 ਲੱਖ 4 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ , ਬੱਚਿਆਂ ਨੂੰ ਜ਼ਿੰਦਗੀ ’ਚ ਸਫ਼ਲਤਾ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ

ਜਲੰਧਰ, ਐਚ ਐਸ ਚਾਵਲਾ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਵੀਰਵਾਰ ਨੂੰ ਜ਼ਿਲ੍ਹਾ ਪੱਧਰੀ ਸਪਾਂਸਰਸ਼ਿਪ ਦਿਵਸ ਸਬੰਧੀ ਕਰਵਾਏ ਗਏ ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬੇਸਹਾਰਾ ਅਤੇ ਜ਼ਰੂਰਤਮੰਦ ਬੱਚਿਆਂ ਨੂੰ ਮਿਸ਼ਨ ਵਾਤਸੱਲਿਆ ਸਕੀਮ ਤਹਿਤ ਸਪਾਂਸਰਸ਼ਿਪ ਦੇ ਚੈੱਕ ਵੰਡੇ ਗਏ।

ਇਸ ਯੋਜਨਾ ਤਹਿਤ 48 ਲਾਭਪਾਤਰੀਆਂ ਨੂੰ ਪ੍ਰਤੀ ਮਹੀਨਾ 4000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ, ਜਿਸ ਦੇ ਲਈ ਕੁੱਲ 23 ਲੱਖ 4 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ।

ਇਸ ਸਬੰਧੀ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਗਏ ਇਕ ਸਾਦਾ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਸਫ਼ਲਤਾ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਕਿਹਾ ਕਿ ਸਖ਼ਤ ਮਿਹਨਤ ਨਾਲ ਜ਼ਿੰਦਗੀ ਵਿੱਚ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।

ਉਨ੍ਹਾਂ ਵਿਦਿਆਰਥੀ ਜੀਵਨ ਵਿੱਚ ਸਿੱਖਿਆ ਦੀ ਅਹਿਮੀਅਤ ’ਤੇ ਚਾਨਣਾ ਪਾਉਂਦਿਆਂ ਬੱਚਿਆਂ ਨੂੰ ਪੜ੍ਹ-ਲਿਖ ਕੇ ਆਤਮ ਨਿਰਭਰ ਬਣਨ ਅਤੇ ਦੂਜਿਆਂ ਦੀ ਮਦਦ ਕਰਨ ਲਈ ਵੀ ਪ੍ਰੇਰਿਤ ਕੀਤਾ।

ਡਾ. ਅਗਰਵਾਲ ਨੇ ਦੱਸਿਆ ਕਿ ਮਿਸ਼ਨ ਵਾਤਸੱਲਿਆ ਯੋਜਨਾ ਦਾ ਉਦੇਸ਼ ਆਪਣੇ ਮਾਤਾ-ਪਿਤਾ ਜਾਂ ਸਰਪ੍ਰਸਤ ਗੁਆ ਚੁੱਕੇ ਬੱਚਿਆਂ ਨੂੰ ਸਹਾਇਤਾ ਤੇ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਭਲਾਈ ਅਤੇ ਸਿੱਖਿਆ ਨੂੰ ਯਕੀਨੀ ਬਣਾਉਣਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ 0 ਤੋਂ 18 ਸਾਲ ਤੱਕ ਦੇ ਅਜਿਹੇ ਬੱਚੇ, ਜਿਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਹੋਵੇ ਜਾਂ ਮਾਤਾ-ਪਿਤਾ ਜਾਨਲੇਵਾ ਬਿਮਾਰੀ ਦਾ ਸ਼ਿਕਾਰ ਹੋਣ ਜਾਂ ਵਿੱਤੀ ਅਤੇ ਸਰੀਰਿਕ ਤੌਰ ’ਤੇ ਬੱਚਿਆਂ ਦੀ ਦੇਖਭਾਲ ਕਰਨ ਵਿੱਚ ਅਸਮਰੱਥ ਹੋਣ ਜਾਂ ਮਾਤਾ ਵਿਧਵਾ/ਤਲਾਕਸ਼ੁਦਾ ਹੋਵੇ ਜਾਂ ਬੱਚੇ ਨੂੰ ਪਰਿਵਾਰ ਵੱਲੋਂ ਬੇਸਹਾਰਾ ਛੱਡ ਦਿੱਤਾ ਹੋਵੇ ਜਾਂ ਉਹ ਕਿਸੇ ਰਿਸ਼ਤੇਦਾਰ ਕੋਲ ਰਹਿੰਦਾ ਹੋਵੇ, ਲਾਭ ਪ੍ਰਾਪਤ ਕਰ ਸਕਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਜਸਟਿਸ ਜੁਵੇਨਾਈਲ ਐਕਟ 2015 ਅਨੁਸਾਰ ਬੇਘਰ, ਕੁਦਰਤੀ ਆਫ਼ਤ ਦੇ ਸ਼ਿਕਾਰ, ਬਾਲ ਮਜ਼ਦੂਰੀ, ਬਾਲ ਵਿਆਹ ਦੇ ਸ਼ਿਕਾਰ, ਤਸਕਰੀ ਨਾਲ ਪ੍ਰਭਾਵਿਤ, ਦਿਵਿਆਂਗ ਬੱਚੇ ਜਾਂ ਅਜਿਹੇ ਬੱਚੇ ਜੋ ਸੜਕ ’ਤੇ ਰਹਿ ਰਹੇ ਹੋਣ, ਦੁਰਵਿਵਹਾਰ ਜਾਂ ਸੋਸ਼ਣ ਦਾ ਸ਼ਿਕਾਰ, ਐਚ.ਆਈ.ਵੀ./ਏਡਜ਼ ਨਾਲ ਪ੍ਰਭਾਵਿਤ ਜਾਂ ਪੀ.ਐਮ. ਕੇਅਰਜ਼ ਸਕੀਮ ਤਹਿਤ ਕਵਰ ਬੱਚੇ ਇਸ ਸਕੀਮ ਅਧੀਨ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।

ਉਨ੍ਹਾਂ ਪ੍ਰੋਗਰਾਮ ਦੌਰਾਨ ਹਾਜ਼ਰ ਅਧਿਕਾਰੀਆਂ ਅਤੇ ਬੱਚਿਆਂ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੂੰ ਆਪਣੇ ਸੰਪਰਕ ਵਿੱਚ ਆਉਣ ਵਾਲੇ ਅਜਿਹੇ ਬੇਸਹਾਰਾ ਅਤੇ ਲੋੜਵੰਦ ਬੱਚਿਆਂ ਨੂੰ ਇਸ ਸਕੀਮ ਦਾ ਲਾਭ ਦਿਵਾਉਣ ਵਿੱਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਨੇ ਸਪਾਂਸਰਸ਼ਿਪ ਸਕੀਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਪਰਿਵਾਰ ਦੇ ਦੋ ਬੱਚਿਆਂ ਨੂੰ ਸਕੀਮ ਦਾ ਲਾਭ ਦਿੱਤਾ ਦਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਅਤੇ ਸਕੀਮ ਦਾ ਲਾਭ ਲੈਣ ਲਈ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਗਾਂਧੀ ਵਨਿਤਾ ਆਸ਼ਰਮ, ਕਪੂਰਥਲਾ ਰੋਡ ਜਲੰਧਰ ਵਿਖੇ ਪਹੁੰਚ ਕੀਤੀ ਜਾ ਸਕਦੀ ਹੈ। ਇਸ ਮੌਕੇ ਸਹਾਇਕ ਕਮਿਸ਼ਨਰ (ਯੂਟੀ) ਸੁਨੀਲ ਫੋਗਟ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਜੇ ਭਾਰਤੀ ਅਤੇ ਹੋਰ ਅਧਿਕਾਰੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button