
ਜਲੰਧਰ, ਐਚ ਐਸ ਚਾਵਲਾ। ਕਮਿਸ਼ਨਰੇਟ ਪੁਲਿਸ ਜਲੰਧਰ ਨੇ ਅੱਜ ਪੁਲਿਸ ਲਾਈਨ ਵਿਖੇ ਕਈ ਮਹੱਤਵਪੂਰਨ ਗਤੀਵਿਧੀਆਂ ਦਾ ਆਯੋਜਨ ਕੀਤਾ। ਇਸ ਪਹਿਲਕਦਮੀ ਵਿੱਚ ਜਨਰਲ ਪਰੇਡ ਕੀਤੀ ਗਈ ਜਿਸ ਵਿੱਚ 300 ਦੇ ਕਰੀਬ ਪੁਲਿਸ ਕਰਮਚਾਰੀਆਂ ਨੇ ਭਾਗ ਲਿਆ। ਦੋਰਾਨੇ ਪਰੇਡ ਪੁਲਿਸ ਕਰਮਚਾਰੀਆਂ ਦੀ ਵਰਦੀ, ਹਥਿਆਰ, ਅਤੇ ਅਨੁਸ਼ਾਸ਼ਨ ਦਾ ਰਸਮੀ ਨਰੀਖਣ ਕੀਤਾ ਗਿਆ। ਇਸ ਤੋਂ ਇਲਾਵਾ ਹਥਿਆਰ ਦੀ ਸਿਖਲਾਈ, ਦੰਗਾ ਵਿਰੋਧੀ ਤਿਆਰੀ ਜਿਵੇ ਕਿ ਅੱਥਰੂ ਗੈਸ ਦੀ ਵਰਤੋਂ, ਵਾਟਰ ਕੈਨਨ ਅਤੇ ਭੀੜ-ਨਿਯੰਤਰਣ ਤਕਨੀਕਾਂ ਆਦਿ ਸ਼ਾਮਲ ਸਨ।

ਇਹ ਅਭਿਆਸ ਨੂੰ ਯਕੀਨੀ ਬਣਾਉਣ ਲਈ ਇਕ ਖਾਸ ਦੰਗਾ ਵਿਰੋਧੀ ਮੋਕ ਡਰਿੱਲ ਵੀ ਕੀਤੀ ਗਈ ਜਿਸ ਵਿੱਚ 50 ਦੇ ਕਰੀਬ ਪੁਲਿਸ ਕਰਮਚਾਰੀਆਂ ਨੇ ਹਿੱਸਾ ਲਿਆ, ਅਤੇ ਜਨਤਾ ਦੁਆਰਾ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨਾਂ ਵਿੱਚ ਸਾਵਧਾਨੀਆਂ ਵਰਤਣ ਬਾਰੇ ਜਾਣਕਾਰੀ ਦਿੱਤੀ ਗਈ। ਇਹ ਅਭਿਆਸ ਪੁਲਿਸ ਫੋਰਸ ਵਿੱਚ ਅਨੁਸ਼ਾਸਨ, ਸਰੀਰਕ ਸਹਿਣਸ਼ੀਲਤਾ ਅਤੇ ਮਾਨਸਿਕ ਲਚਕਤਾ ਨੂੰ ਉਤਸ਼ਾਹਿਤ ਕਰਦੇ ਹੋਏ ਕਾਰਜਸ਼ੀਲ ਤਿਆਰੀ ਨੂੰ ਬਿਹਤਰ ਬਣਾਉਣ ਲਈ ਕੀਤਾ ਗਿਆ।

ਇਸ ਮੌਕੇ, ਪੁਲਿਸ ਕਮਿਸ਼ਨਰ, ਸ਼੍ਰੀਮਤੀ ਧਨਪ੍ਰੀਤ ਕੌਰ ਨੇ ਨਿਯਮਤ ਸਿਖਲਾਈ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆ ਕਿਹਾ ਕਿ ਪੁਲਿਸ ਫੋਰਸ ਨੂੰ ਹਰ ਹਾਲਾਤ ਵਿੱਚ ਤਿਆਰ ਰਹਿਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੀ ਫੋਰਸ ਆਪਣੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਤੇ ਧਿਆਨ ਦੇਵੇ ਤਾਂ ਜੋ ਅਸੀ 24 ਘੰਟੇ ਪਬਲਿਕ ਦੀ ਸੇਵਾ ਕਰ ਸਕੀਏ।





























