
ਜਲੰਧਰ ਸ਼ਹਿਰ ਦੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਹੱਲ ਕਰਵਾਉਣ ਸਬੰਧੀ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਜੈਨ ਨੂੰ ਦਿੱਤਾ ਮੰਗ ਪੱਤਰ
ਸ਼ਹਿਰ ਦੀ ਹਰ ਸਮੱਸਿਆ ਨੂੰ ਧਿਆਨ ‘ਚ ਰੱਖਦੇ ਹੋਏ ਜਲਦ ਹੀ ਲੱਭ ਲਿਆ ਜਾਵੇਗਾ ਇਸਦਾ ਹੱਲ – ਨਿਗਮ ਕਮਿਸ਼ਨਰ ਅਦਿੱਤਿਆ ਜੈਨ
ਜਲੰਧਰ, ਐਚ ਐਸ ਚਾਵਲਾ। ਸ਼੍ਰੋਮਣੀ ਅਕਾਲੀ ਦਲ, ਜਿਲ੍ਹਾ ਜਲੰਧਰ ਸ਼ਹਿਰੀ ਦੇ ਵਰਕਰਾਂ ਨੇ ਬੀਤੇ ਦਿਨ ਸੋਮਵਾਰ ਨੂੰ ਜਿਲ੍ਹਾ ਅਕਾਲੀ ਜੱਥਾ, ਜਲੰਧਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਚਰਨ ਸਿੰਘ ਚੰਨੀ ਅਤੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿੱਚ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਜੈਨ ਨੂੰ ਜਲੰਧਰ ਸ਼ਹਿਰ ਦੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਹੱਲ ਕਰਵਾਉਣ ਸਬੰਧੀ ਇੱਕ ਮੰਗ ਪੱਤਰ ਦਿੱਤਾ। ਇਸ ਮੌਕੇ ਉਕਤ ਆਗੂਆਂ ਨੇ ਨਿਗਮ ਕਮਿਸ਼ਨਰ ਨੂੰ ਸ਼ਹਿਰ ਵਿੱਚ ਵੱਧ ਰਹੀਆਂ ਵੱਖ-ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ।
ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਚੰਨੀ ਅਤੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਸਰਕਾਰ ਹੁਣ ਕੋਈ ਕੰਮ ਨਹੀਂ ਕਰ ਰਹੀ, ਜਿਸ ਕਾਰਨ ਸ਼ਹਿਰ ਦੀਆਂ ਸਮੱਸਿਆਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ 4 ਮਹੀਨੇ ਪਹਿਲਾਂ ਬਣੀਆਂ ਸੜਕਾਂ ਵੀ ਹੁਣ ਖਸਤਾ ਹਾਲਤ ਵਿੱਚ ਹਨ। ਇਸ ਦੇ ਨਾਲ ਹੀ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਵੀ ਵਧਦੀ ਜਾ ਰਹੀ ਹੈ। ਆਵਾਰਾ ਕੁੱਤਿਆਂ ਦੀ ਭਰਮਾਰ ਇੰਨੀ ਵੱਧ ਗਈ ਹੈ ਕਿ ਉਹ ਹਰ ਰੋਜ਼ ਲੋਕਾਂ ਨੂੰ ਵੱਢ ਰਹੇ ਹਨ। ਸੀਵਰੇਜ ਦੀ ਹਾਲਤ ਵੀ ਇੰਨੀ ਮਾੜੀ ਹੈ ਕਿ ਜਿਵੇਂ ਸੀਵਰੇਜ ਹੀ ਨਾ ਹੋਵੇ, ਹੁਣ ਤਾਂ ਇਹ ਹਾਲ ਹੋ ਗਿਆ ਹੈ ਕਿ ਸੀਵਰੇਜ ਦੇ ਗੰਦੇ ਪਾਣੀ ਦੇ ਨਾਲ-ਨਾਲ ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋ ਗਿਆ ਹੈ।
ਗੁਰਚਰਨ ਸਿੰਘ ਚੰਨੀ ਅਤੇ ਪਵਨ ਕੁਮਾਰ ਟੀਨੂੰ ਨੇ ਨਗਰ ਨਿਗਮ ਕਮਿਸ਼ਨਰ ਨੂੰ ਇਹ ਵੀ ਦੱਸਿਆ ਕਿ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਦੇ ਬਾਹਰ ਕੂੜੇ ਦਾ ਡੰਪ ਹੈ, ਜਿਸਨੂੰ ਤੁਰੰਤ ਉਥੋਂ ਹਟਾਇਆ ਜਾਵੇ ਕਿਓਂਕਿ ਮਹਿਜ਼ ਬਦਬੂ ਕਾਰਨ ਉਥੇ ਆਣ ਜਾਣ ਵਾਲੇ ਲੋਕਾਂ ਦੀ ਹਾਲਤ ਬਹੁਤ ਖਰਾਬ ਹੋ ਜਾਂਦੀ ਹੈ। ਕੁਝ ਮਹੀਨਿਆਂ ‘ਚ 6 ਕਮਿਸ਼ਨਰਾਂ ਨੂੰ ਬਦਲਣ ਬਾਰੇ ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਕੰਮ ਕਰਨਾ ਨਹੀਂ ਆਉਂਦਾ, ਉਹ ਆਪਣਾ ਪੈਸਾ ਲੁਟਾ ਰਹੀ ਹੈ, ਪਰ ਉਨ੍ਹਾਂ ਨੂੰ ਕੰਮ ਦੀ ਕੋਈ ਪ੍ਰਵਾਹ ਨਹੀਂ ਕਿਉਂਕਿ ਉਨ੍ਹਾਂ ਨੂੰ ਕੰਮ ਕਰਨਾ ਨਹੀਂ ਆਉਂਦਾ। ਉਕਤ ਆਗੂਆਂ ਨੇ ਕਿਹਾ ਕਿ ਜੇਕਰ ਜਲੰਧਰ ਵਾਸੀਆਂ ਦੀਆਂ ਇਹਨਾਂ ਸਮੱਸਿਆਵਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਮੌਜੂਦਾ ਪੰਜਾਬ ਸਰਕਾਰ ਅਤੇ ਨਗਰ ਨਿਗਮ ਜਲੰਧਰ ਦੇ ਖਿਲਾਫ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਉਕਤ ਆਗੂਆਂ ਦੀ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਆਦਿਤਿਆ ਜੈਨ ਨੇ ਕਿਹਾ ਕਿ ਅੱਜ ਦਿੱਤੇ ਮੰਗ ਪੱਤਰ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਹਰ ਸਮੱਸਿਆ ਨੂੰ ਧਿਆਨ ‘ਚ ਰੱਖਦੇ ਹੋਏ ਜਲਦ ਹੀ ਇਸਦਾ ਹੱਲ ਲੱਭ ਲਿਆ ਜਾਵੇਗਾ।
ਇਸ ਮੌਕੇ ਗੁਰਚਰਨ ਸਿੰਘ ਚੰਨੀ, ਪਵਨ ਕੁਮਾਰ ਟੀਨੂੰ, ਇਕਬਾਲ ਸਿੰਘ ਢੀਂਡਸਾ, ਹਰਜਾਪ ਸਿੰਘ ਸੰਘਾ, ਸੁਖਮਿੰਦਰ ਸਿੰਘ ਰਾਜਪਾਲ, ਅਮਰਜੀਤ ਸਿੰਘ ਕਿਸ਼ਨਪੁਰਾ, ਅੰਮ੍ਰਿਤਪਾਲ ਸਿੰਘ, ਮਨਜੀਤ ਸਿੰਘ ਟਰਾਸਪੋਰਟਰ, ਰਕੇਸ਼ ਕੁਮਾਰ ਬੈਂਸ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ ਖ਼ਾਲਸਾ, ਅਮਰਜੀਤ ਸਿੰਘ ਮਿੱਠਾ, ਜਸਪਾਲ ਸਿੰਘ, ਗੁਰਬਚਨ ਸਿੰਘ ਮੱਕੜ, ਜਸਬੀਰ ਸਿੰਘ ਦਕੋਹਾ, ਰਣਜੀਤ ਸਿੰਘ ਰਾਣਾ, ਪ੍ਰਭਜੋਤ ਸਿੰਘ ਵਾਲੀਆ, ਜਸਵੀਰ ਸਿੰਘ, ਦਵਿੰਦਰ ਸਿੰਘ, ਬਿਕਰਮਜੀਤ ਸਿੰਘ ਔਲਖ, ਗਿਆਨ ਸਿੰਘ, ਰਾਜਵੰਤ ਸਿੰਘ ਸੁੱਖਾ, ਗੁਰਜੀਤ ਸਿੰਘ ਪੋਪਲੀ, ਗਗਨਦੀਪ ਸਿੰਘ ਗੱਗੀ, ਮੋਹਿੰਦਰ ਸਿੰਘ ਗੋਲੀ, ਦਵਿੰਦਰ ਸਿੰਘ ਕੁੱਕੂ, ਗਿਆਨ ਸਿੰਘ ਬਸਤੀ ਮਿੱਠੂ, ਜਸਬੀਰ ਸਿੰਘ ਵਾਲੀਆ ਆਦਿ ਮੌਜੂਦ ਸਨ।





























