
ਅਧਿਕਾਰੀਆਂ ਨੂੰ ਸਮੁੱਚੇ ਇੰਤਜ਼ਾਮ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਕਰਨ ਦੀਆਂ ਹਦਾਇਤਾਂ
ਜਲੰਧਰ, ਐਚ ਐਸ ਚਾਵਲਾ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਵਿਧਾਨ ਸਭਾ ਹਲਕਾ 034-ਜਲੰਧਰ ਪੱਛਮੀ (ਅ.ਜ.) ਦੀ ਜਿਮਨੀ ਚੋਣ ਦੇ ਮੱਦੇਨਜ਼ਰ ਸਥਾਨਕ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਪ੍ਰਸਤਾਵਿਤ ਗਿਣਤੀ ਕੇਂਦਰ ਅਤੇ ਪੋਸਟ ਪੋਲ ਈ.ਵੀ.ਐਮ. ਸਟਰਾਂਗ ਰੂਮ ਦਾ ਦੌਰਾ ਕੀਤਾ।
ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਅਤੇ ਏ.ਡੀ.ਸੀ.ਪੀ. ਸੁਖਵਿੰਦਰ ਸਿੰਘ ਸਮੇਤ ਪ੍ਰਸਤਾਵਿਤ ਗਿਣਤੀ ਕੇਂਦਰ ਅਤੇ ਸਟਰਾਂਗ ਰੂਮ ਵਿਖੇ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਕਿਹਾ ਸਮੁੱਚੇ ਇੰਤਜ਼ਾਮ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਯਕੀਨੀ ਬਣਾਏ ਜਾਣ।
ਡਾ. ਅਗਰਵਾਲ ਨੇ ਵਿਧਾਨ ਸਭਾ ਹਲਕੇ ਲਈ 10 ਜੁਲਾਈ ਨੂੰ ਵੋਟਾਂ ਪੈਣ ਉਪਰੰਤ ਸਟਰਾਂਗ ਰੂਮਾਂ ਵਿੱਚ ਰੱਖੀਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾਂ ਦੀ 24 ਘੰਟੇ ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰੇ, ਨਿਰਵਿਘਨ ਬਿਜਲੀ ਸਪਲਾਈ, ਅੱਗ ਤੋਂ ਸੁਰੱਖਿਆ ਦੇ ਉਪਾਅ, ਸੁਰੱਖਿਆ ਆਦਿ ਦੇ ਵੇਰਵੇ ਲੈਂਦਿਆਂ ਉਕਤ ਸਾਰੇ ਇੰਤਜ਼ਾਮ ਅਗਾਊਂ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਗਿਣਤੀ ਕੇਂਦਰ ਅਤੇ ਸਟਰਾਂਗ ਰੂਮ ਦੀ ਫੁੱਲ ਪਰੂਫ ਸੁਰੱਖਿਆ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸੁਰੱਖਿਆ ਪੱਖੋਂ ਪ੍ਰਬੰਧ ਪੁਖ਼ਤਾ ਹੋਣੇ ਚਾਹੀਦੇ ਹਨ।
ਜਿਮਨੀ ਚੋਣਾਂ ਅਮਾਨ-ਅਮਾਨ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੀ ਵਚਨਬੱਧਤਾ ਦਹੁਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੀ ਜਾਵੇਗੀ।





























