
ਜਲੰਧਰ, ਐਚ ਐਸ ਚਾਵਲਾ। ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਗੈਂਗਸਟਰਾਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਤਹਿਤ ਅੱਜ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕਰਾਸ ਫਾਇਰਿੰਗ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਖ਼ਤਰਨਾਕ ਗੈਂਗਸਟਰਾਂ ਨੂੰ ਕਾਬੂ ਕਰ ਲਿਆ।
ਵੇਰਵਿਆਂ ਦਾ ਖੁਲਾਸਾ ਕਰਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਖੁਫੀਆ ਜਾਣਕਾਰੀ ‘ਤੇ ਅਧਾਰਤ ਅਪਰੇਸ਼ਨ ਸੀ ਕਿਉਂਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਖਤਰਨਾਕ ਗੈਂਗਸਟਰ ਸ਼ਹਿਰ ਵਿੱਚ ਘੁੰਮ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਕ ਇਤਲਾਹ ਦੇ ਆਧਾਰ ‘ਤੇ ਪੁਲਿਸ ਨੇ ਨਕੋਦਰ ਰੋਡ ‘ਤੇ ਆਸ਼ੀਸ਼ ਵਾਸੀ ਬੁੱਲੋਵਾਲ ਅਤੇ ਨਿਤਿਨ ਨੂੰ ਘੇਰ ਲਿਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਦੋਵਾਂ ਗੈਂਗਸਟਰਾਂ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ ਜਿਸ ਤੋਂ ਬਾਅਦ ਫੋਰਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਦੋਵਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਵੇਂ ਗੈਂਗਸਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਉਸ ਨੇ ਦੱਸਿਆ ਕਿ ਆਸ਼ੀਸ਼ ਕਾਫੀ ਦੇਰ ਤੋ ਭਗੌੜਾ ਸੀ ਅਤੇ ਉਸ ਵਿਰੁੱਧ ਕਤਲ, ਫਿਰੌਤੀ ਅਤੇ ਸੁਪਾਰੀ ਕਤਲ ਦੇ ਕੇਸ ਦਰਜ ਹਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਨਿਤਿਨ ਖਿਲਾਫ ਕਤਲ ਅਤੇ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਵੇਂ ਗੈਂਗਸਟਰ ਜਸਮੀਤ ਉਰਫ਼ ਲੱਕੀ ਵਾਸੀ ਬੁੱਲੋਵਾਲ ਦੇ ਲਗਾਤਾਰ ਸੰਪਰਕ ਵਿੱਚ ਸਨ, ਜਿਸ ਦੇ ਖ਼ਿਲਾਫ਼ 10 ਤੋਂ ਵੱਧ ਕੇਸ ਦਰਜ ਹਨ। ਉਹ ਇਸ ਸਮੇਂ (ਪਿਛਲੇ ਇੱਕ ਸਾਲ ਤੋਂ) ਅਮਰੀਕਾ ਵਿੱਚ ਹੈ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਮਨਦੀਪ ਉਰਫ ਮੰਨੂ ਅਤੇ ਜਗਰੂਪ @ ਰੂਪਾ ਨੂੰ ਪਨਾਹ ਦੇਣ ਵਿੱਚ ਸ਼ਾਮਲ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਅਸ਼ੀਸ਼ ਅਤੇ ਨਿਤਿਨ ਬਿੰਨੀ ਗੁੱਜਰ ਅਤੇ ਜੱਗੂ ਭਗਵਾਨਪੁਰੀਆ ਨਾਲ ਨੇੜਤਾ ਰੱਖਦੇ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਗੈਂਗਸਟਰਾਂ ਦੀ ਗ੍ਰਿਫਤਾਰੀ ਨਾਲ ਪੁਲਿਸ ਨੇ ਦੋ ਸੁਪਾਰੀ ਕਤਲਾਂ ਨੂੰ ਰੋਕਿਆ ਹੈ ਕਿਉਂਕਿ ਇਹਨਾਂ ਨੇ ਇਸ ਕੰਮ ਨੂੰ ਅੰਜਾਮ ਦੇਣ ਲਈ ਪਹਿਲਾਂ ਹੀ ਰੇਕੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਵਨ ਸਟਾਰ ਪਿਸਤੌਲ .30 ਬੋਰ ਅਤੇ ਇੱਕ .32 ਬੋਰ ਦਾ ਪਿਸਤੌਲ ਜਿੰਦਾ ਅਸਲਾ ਅਤੇ ਇੱਕ ਆਈ 20 ਕਾਰ ਸਮੇਤ ਬਰਾਮਦ ਕੀਤਾ ਗਿਆ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।





























