ਜਲੰਧਰ, ਐਚ ਐਸ ਚਾਵਲਾ। 2 ਪੰਜਾਬ ਐੱਨ ਸੀ ਸੀ ਬਟਾਲੀਅਨ ਦੇ ਅਧੀਨ ਸੰਯੁਕਤ ਸਾਲਾਨਾ ਟ੍ਰੇਨਿੰਗ ਕੈਂਪ-42 ਦੀ ਸ਼ੁਰੂਆਤ ਅੱਜ ਡੀ.ਏ.ਵੀ. ਇੰਸਟਿਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ‘ਚ ਹੋਈ, ਜਿਸ ਵਿੱਚ 600 ਐੱਨ.ਸੀ.ਸੀ. ਕੈਡਿਟਸ ਹਿੱਸਾ ਲੈ ਰਹੇ ਹਨ। ਦਿਨ-ਰਾਤ ਦੇ 10 ਦਿਨਾਂ ਦੇ ਕੈਂਪ ‘ਚ ਹੋਰ ਜ਼ਿਲ੍ਹਿਆਂ ਤੋਂ ਆਏ ਕੈਡਿਟਸ ਵੀ ਸ਼ਾਮਲ ਹੋ ਰਹੇ ਹਨ। ਗਣਤੰਤਰ ਦਿਵਸ ਦਿੱਲੀ ‘ਚ ਹਿੱਸਾ ਲੈਣ ਲਈ 105 ਕੈਡਿਟਸ ਲੜੀਵਾਰ ਤੀਜੇ ਐੱਨ.ਸੀ.ਸੀ. ਕੈਂਪ ਵਿੱਚ ਹਿੱਸਾ ਲੈ ਰਹੇ ਹਨ। ਇਸ ਕੈਂਪ ਵਿੱਚ ਚੁਣੇ ਗਏ ਕੈਡਿਟਸ ਇੰਟਰ ਗਰੁੱਪ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਐੱਨ.ਸੀ.ਸੀ. ਅਕੈਡਮੀ ਰੋਪੜ ਜਾਣਗੇ। ਜਿਸ ਵਿੱਚ 10 ਐੱਨ.ਸੀ.ਸੀ. ਗਰੁੱਪਾਂ ਦੇ ਕੈਡਿਟਸ ਜੋ ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਤੋਂ ਆਉਣਗੇ, ਗਣਤੰਤਰ ਦਿਵਸ ਦਿੱਲੀ ਮੁਕਾਬਲੇ ਵਿੱਚ ਹਿੱਸਾ ਲੈਣਗੇ।

2 ਪੰਜਾਬ ਐੱਨ.ਸੀ.ਸੀ. ਬਟਾਲੀਅਨ ਦੇ 500 ਕੈਡਿਟਸ, 36 ਵੱਖ-ਵੱਖ ਸਿੱਖਿਆ ਸੰਸਥਾਵਾਂ ਤੋਂ ਐੱਨ.ਸੀ.ਸੀ. ਕੈਂਪ ਕਰਨ ਆਏ ਹਨ, ਜੋ ਐੱਨ.ਸੀ.ਸੀ. ਦੇ ਵੱਖ-ਵੱਖ ਵਿਸ਼ਿਆਂ ‘ਤੇ ਟ੍ਰੇਨਿੰਗ ਲੈਣਗੇ। ਇਸ ਕੈੰਪ ਵਿੱਚ ਹਥਿਆਰਾਂ ਨਾਲ ਡ੍ਰਿਲ, ਹਥਿਆਰਾਂ ਨੂੰ ਖੋਲ੍ਹਣਾ ਅਤੇ ਜੋੜਣਾ, ਹਥਿਆਰਾਂ ਦੇ ਨਾਂ ਅਤੇ ਪੁਰਜ਼ਿਆਂ ਬਾਰੇ ਜਾਣਕਾਰੀ, ਵਿਅਕਤੀਗਤ ਵਿਕਾਸ, ਲੀਡਰਸ਼ਿਪ ਦੇ ਗੁਣ, ਮੈਪ ਰੀਡਿੰਗ, ਬੈਟਲ ਡ੍ਰਿਲ, ਸੈਕਸ਼ਨ ਬੈਟਲ ਵਰਗੇ ਕਈ ਵਿਸ਼ਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਏਗੀ।
ਕੈਂਪ ਕਮਾਂਡੈਂਟ ਕਰਨਲ ਵਿਨੋਦ ਜੋਸ਼ੀ ਨੇ ਦੱਸਿਆ ਕਿ 600 ਕੈਡਿਟਸ ਦੀ ਸੈਨਿਕ ਟ੍ਰੇਨਿੰਗ ਹਰ ਰੋਜ਼ ਸਵੇਰੇ 6 ਵਜੇ ਤੋਂ ਰਾਤ 9 ਵਜੇ ਤੱਕ ਹੋਵੇਗੀ, ਜਿਸ ਵਿੱਚ ਸਵੇਰ ਦੀ ਦੌੜ, ਵਰਜ਼ਿਸ਼, ਨਾਸ਼ਤੇ ਤੋਂ ਬਾਅਦ ਸੈਨਿਕ ਟ੍ਰੇਨਿੰਗ, ਸ਼ਾਮ ਨੂੰ ਵੱਖ ਵੱਖ ਖੇਡਾਂ ਆਦਿ ਸ਼ਾਮਲ ਹਨ। ਕੈਂਪ ਕਮਾਂਡੈਂਟ ਨੇ ਡੀ.ਏ.ਵੀ. ਇੰਸਟਿਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਪ੍ਰਿੰਸੀਪਲ ਡਾ. ਸੁਧੀਰ ਸ਼ਰਮਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਕੈਂਪ ਲਈ ਹੋਸਟਲ ਅਤੇ ਸਾਰੀਆਂ ਪ੍ਰਸ਼ਾਸਨਿਕ ਸੁਵਿਧਾਵਾਂ ਪ੍ਰਦਾਨ ਕੀਤੀਆਂ। 600 ਕੈਡਿਟਸ ਦੀ ਬਿਹਤਰੀਨ ਟ੍ਰੇਨਿੰਗ ਲਈ 6 ਐਸੋਸੀਏਟ ਐੱਨ.ਸੀ.ਸੀ. ਅਫ਼ਸਰ, ਲੜਕੀਆਂ ਦੇ ਕੈਡਿਟਸ ਟ੍ਰੇਨਿੰਗ ਅਫ਼ਸਰ ਅਤੇ 45 ਸੈਨਾ ਦੇ ਟ੍ਰੇਨਿੰਗ ਅਧਿਕਾਰੀ ਤੈਨਾਤ ਕੀਤੇ ਗਏ ਹਨ।





























