
ਜਲੰਧਰ, ਐਚ ਐਸ ਚਾਵਲਾ। ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ 24 ਘੰਟਿਆਂ ਦੇ ਅੰਦਰ ਇੱਕ ਨੌਜਵਾਨ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ 17 ਜਨਵਰੀ ਦੀ ਸਵੇਰ ਨੂੰ ਪੰਕਜ ਚੌਧਰੀ ਫੈਕਟਰੀ, ਲੈਦਰ ਕੰਪਲੈਕਸ ਨੇੜਿਓਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਸੀ।ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਅੰਕੁਰ (17) ਪੁੱਤਰ ਵਿਮਲੇਸ਼ ਕੁਮਾਰ ਵਾਸੀ ਪਿੰਡ ਸਿਵੜੀ ਪੋ. ਭਾਦਵੇਰਾ PS ਹਰੀਨਾਮਾ ਜਿਲਾ ਹਰਦੋਈ ਹੁਣ ਨਿਊ ਰਾਜਨ ਨਗਰ ਜਲੰਧਰ ਹੋਈ ਸੀ । ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਸੰਬੰਧ ਵਿਚ ਐਫਆਈਆਰ ਨੰਬਰ 5 ਮਿਤੀ 17-01-2024 ਅਧੀਨ ਥਾਣਾ ਬਸਤੀ ਬਾਵਾ ਖੇਲ ਵਿਖੇ 302/34 ਆਈ.ਪੀ.ਸੀ. (ਪੀੜਤ ਦੇ ਪਿਤਾ) ਵਿਮਲੇਸ਼ ਕੁਮਾਰ ਪੁੱਤਰ ਪਰਲਾਦ ਵਾਸੀ ਨਿਊ ਰਾਜਨ ਨਗਰ ਜਲੰਧਰ ਦੇ ਬਿਆਨਾਂ ‘ਤੇ ਦਰਜ ਕੀਤੀ ਗਈ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਕਤਲ ਦਾ ਮੁੱਢਲਾ ਕਾਰਨ ਪੁਰਾਣੀ ਰੰਜਿਸ਼ ਅਤੇ ਝਗੜੇ ਦਾ ਪਤਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਰਾਹੁਲ, ਸਾਹਿਲ, ਰਿੰਕੂ (ਕਾਲਪਨਿਕ ਨਾਮ), ਹਨੀ ਵਰਮਾ ਅਤੇ ਅਨੁਰਾਗ ਸਾਰੇ ਵਾਸੀ ਜਲੰਧਰ ਨੂੰ ਕਤਲ ਦੇ ਮੁੱਖ ਮੁਲਜ਼ਮ ਵਜੋਂ ਪਛਾਣ ਲਿਆ ਹੈ। ਇਸੇ ਤਰ੍ਹਾਂ ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਪੁਲਿਸ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਦੋ ਦੋਸ਼ੀ ਅਨੁਰਾਗ ਪੁੱਤਰ ਪ੍ਰਦੀਪ ਮਿਸ਼ਰਾ ਵਾਸੀ ਪਿੰਡ ਹੀਰਾਪੁਰ ਕਮਿਨਰ ਥਾਣਾ ਕਲੋਨਲ ਗੰਜ ਜ਼ਿਲ੍ਹਾ ਗੋਂਡਾ, ਉੱਤਰ ਪ੍ਰਦੇਸ਼ ਵਾਸੀ ਪੰਨੂ ਵਿਹਾਰ ਬਸਤੀ ਬਾਵਾ ਖੇਲ ਜਲੰਧਰ ਵਿਖੇ ਕਿਰਾਏਦਾਰ ਹਨ ਅਤੇ ਰਿੰਕੂ (ਕਾਲਪਨਿਕ ਨਾਮ) ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਮੋਟਰਸਾਈਕਲ PB08-CN-0719 ਵੀ ਬਰਾਮਦ ਕਰ ਲਿਆ ਹੈ ਜੋ ਉਨ੍ਹਾਂ ਵੱਲੋਂ ਵਰਤਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬਾਕੀ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਹ ਸਲਾਖਾਂ ਪਿੱਛੇ ਹੋਣਗੇ। ਸ੍ਰੀ ਸਵਪਨ ਸ਼ਰਮਾ ਨੇ ਸ਼ਹਿਰ ਵਿੱਚ ਅਮਨ-ਕਾਨੂੰਨ ਨੂੰ ਹਰ ਤਰ੍ਹਾਂ ਨਾਲ ਬਰਕਰਾਰ ਰੱਖਣ ਲਈ ਦ੍ਰਿੜ ਵਚਨਬੱਧਤਾ ਦੁਹਰਾਈ ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।





























