
ਨਵੀਂ ਦਿੱਲੀ, (PRIME INDIAN NEWS) :- ਜਲੰਧਰ ਤੋਂ ਕਾਂਗਰਸ ਪਾਰਟੀ ਨੂੰ ਉਸ ਵੇਲੇ ਕਰਾਰਾ ਝਟਕਾ ਲਗਾ ਜਦੋਂ ਜਲੰਧਰ ਦੇ 2 ਦਿਗਜ ਲੀਡਰ ਬੀਬੀ ਕਰਮਜੀਤ ਕੌਰ ਚੌਧਰੀ ਅਤੇ ਤਜਿੰਦਰ ਸਿੰਘ ਬਿੱਟੂ ਭਾਜਪਾ ‘ਚ ਸ਼ਾਮਲ ਹੋ ਗਏ।
ਮਿਲੀ ਜਾਣਕਾਰੀ ਮੁਤਾਬਿਕ ਅੱਜ ਦਿੱਲੀ ਵਿਖੇ ਭਾਜਪਾ ਦੇ ਸੀਨੀਅਰ ਲੀਡਰਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਦੋਵੇਂ ਲੀਡਰਾਂ ਨੂੰ ਭਾਜਪਾ ‘ਚ ਸ਼ਾਮਿਲ ਕਰਵਾਇਆ ਗਿਆ ਹੈ। ਗੌਰਤਲਬ ਹੈ ਕਿ ਜਲੰਧਰ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਬੀਬੀ ਕਰਮਜੀਤ ਕੌਰ ਚੌਧਰੀ ਨੇ ਇਹ ਕਦਮ ਚੁੱਕਿਆ ਹੈ, ਇਸੇ ਤਰ੍ਹਾਂ ਤਜਿੰਦਰ ਬਿੱਟੂ ਜੋ ਕਿ ਹਿਮਾਚਲ ਤੋਂ ਸਹਿ ਪ੍ਰਭਾਰੀ ਸਨ ਉਹ ਵੀ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਬੀਬੀ ਕਰਮਜੀਤ ਕੌਰ ਜੋ ਕਿ ਜਲੰਧਰ ਲੋਕ ਸਭਾ ਐਸਸੀ ਸੀਟ ਤੋਂ ਟਿਕਟ ਮੰਗ ਰਹੇ ਸਨ ਹੁਣ ਇਹ ਦੇਖਣਾ ਪਵੇਗਾ ਕਿ ਭਾਜਪਾ ਉਹਨਾਂ ਨੂੰ ਕਿੱਥੋਂ ਟਿਕਟ ਦਿੰਦੀ ਹੈ ਅਤੇ ਤਜਿੰਦਰ ਬਿੱਟੂ ਨੂੰ ਕਿਸ ਥਾਂ ਤੋਂ ਐਡਜਸਟ ਕਰਦੀ ਹੈ।
ਦੂਜੇ ਪਾਸੇ ਜਲੰਧਰ ਤੋਂ ਸਾਬਕਾ ਵਿਧਾਇਕ ਅਤੇ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਰਜਿੰਦਰ ਬੇਰੀ ਨੇ ਕਿਹਾ ਕਿ ਤਜਿੰਦਰ ਸਿੰਘ ਬਿੱਟੂ ਜਿਨ੍ਹਾਂ ਨੂੰ ਕਾਂਗਰਸ ਨੇ ਵੱਡੇ ਅਹੁਦਿਆਂ ਤੇ ਬਿਠਾਇਆ, ਅੱਜ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਪਾਰਟੀ ਦੇ ਲਈ ਕੁਝ ਨਹੀਂ ਕੀਤਾ ਬਲਕਿ ਇਹਨਾਂ ਨੇ ਆਪਣੀ ਸੰਪਤੀ ਵਿੱਚ ਵਾਧਾ ਕੀਤਾ ਹੈ ਉਹਨਾਂ ਕਿਹਾ ਕਿ ਇਹਨਾਂ ਦੋਵਾਂ ਲੀਡਰਾਂ ਦੇ ਭਾਜਪਾ ਵਿੱਚ ਜਾਣ ਨਾਲ ਕਾਂਗਰਸ ਨੂੰ ਭੋਰਾ ਵੀ ਨੁਕਸਾਨ ਨਹੀਂ ਹੈ, ਉਲਟਾ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਸ. ਚਰਨਜੀਤ ਸਿੰਘ ਚੰਨੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ।





























