
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਲਈ ਕਾਂਗਰਸ ਪਾਰਟੀ ਦੇ ਹੱਕ ‘ਚ ਵੋਟਾਂ ਪਾਉਣ ਦੀ ਕੀਤੀ ਅਪੀਲ
ਜਲੰਧਰ ਕੈਂਟ, ਐਚ ਐਸ ਚਾਵਲਾ। ਜਲੰਧਰ ਲੋਕਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ CM ਸ. ਚਰਨਜੀਤ ਸਿੰਘ ਚੰਨੀ, ਹਲਕਾ ਵਿਧਾਇਕ ਸ. ਪ੍ਰਗਟ ਸਿੰਘ ਦੇ ਨਾਲ ਅੱਜ ਜਲੰਧਰ ਕੈਂਟ ‘ਚ ਜਿਲ੍ਹਾ ਕਾਂਗਰਸ ਕਮੇਟੀ, ਜਲੰਧਰ ਸ਼ਹਿਰੀ ਦੇ ਵਾਈਸ ਪ੍ਰੈਜੀਡੈਂਟ ਅਤੇ ਕੈਂਟ ਤੋਂ ਸਾਬਕਾ ਕੌਂਸਲਰ ਸ਼੍ਰੀ ਅਵਿਨਾਸ਼ ਸ਼ਰਮਾ ਦੇ ਗ੍ਰਹਿ ਵਿਖੇ ਪਹੁੰਚੇ, ਜਿਥੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਉਨ੍ਹਾਂ ਦਾ ਫੁੱਲਮਲਾਵਾਂ ਪਾ ਕੇ ਭਰਵਾਂ ਸਵਾਗਤ ਕੀਤਾ।

ਇਸ ਮੌਕੇ ਸ. ਚਰਨਜੀਤ ਸਿੰਘ ਚੰਨੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਂਟ ਵਾਸੀਆਂ ਵੱਲੋਂ ਦਿੱਤੇ ਗਏ ਏਨੇ ਮਾਣ ਸਤਿਕਾਰ ਨੂੰ ਦੇਖ ਕੇ ਉਨ੍ਹਾਂ ਦਾ ਦਿਲ ਬਾਗੋਬਾਗ ਹੋ ਗਿਆ ਅਤੇ ਉਨ੍ਹਾਂ ਨੂੰ ਪੂਰਨ ਭਰੋਸਾ ਹੈ ਕਿ ਕੈਂਟ ਵਾਸੀ ਇਸ ਵਾਰ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੀ ਆਪਣਾ ਫਤਵਾ ਦੇਣਗੇ। ਸ. ਚੰਨੀ ਨੇ ਕਿਹਾ ਕਿ ਸੂਬੇ ਦੀ ਆਮ ਜਨਤਾ ਨੂੰ ਜੋ ਇਹ ਸਕੀਮਾਂ ਮੌਜੂਦਾ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ, ਉਹ ਸਭ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਪਾਸ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਬੇ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਹਾਸਿਲ ਕੀਤੀਆਂ ਹਨ ਪਰ ਹੁਣ ਪੰਜਾਬ ਵਾਸੀਆਂ ਨੂੰ ਸਾਰੀ ਅਸਲੀਅਤ ਦਾ ਪਤਾ ਲੱਗ ਚੁੱਕਾ ਹੈ ਅਤੇ ਉਹ ਹੁਣ ਕਿਸੇ ਵੀ ਝੂਠੇ ਵਾਅਦਿਆਂ ਅਤੇ ਲਾਰਿਆਂ ਦੇ ਝਾਂਸੇ ਵਿੱਚ ਨਹੀਂ ਆਉਣਗੇ।

ਸ. ਚੰਨੀ ਨੇ ਕਿਹਾ ਕਿ ਸੂਬੇ ਅੰਦਰ ਭ੍ਰਿਸ਼ਟਾਚਾਰ ਬੁਰੀ ਤਰਾਂ ਫੈਲ ਚੁੱਕਾ ਹੈ ਅਤੇ ਗਲੀ ਗਲੀ ਵਿੱਚ ਨਸ਼ਾ ਵਿਕ ਰਿਹਾ ਹੈ, ਜਿਸਤੇ ਨਕੇਲ ਕਸਣਾ ਬਹੁਤ ਜਰੂਰੀ ਹੈ। ਉਨ੍ਹਾਂ ਜਲੰਧਰ ਵਾਸੀਆਂ ਦੇ ਨਾਲ ਨਾਲ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਹੁਣ ਇਹਨਾਂ ਭ੍ਰਿਸ਼ਟ ਅਤੇ ਜੁਮਲੇਬਾਜ਼ ਪਾਰਟੀਆਂ ਨੂੰ ਦਰਕਿਨਾਰ ਕਰਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿੱਤਾ ਕੇ ਦਿੱਲੀ ਸੰਸਦ ਭਵਨ ਵਿੱਚ ਭੇਜਣ ਤਾਂ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕੀਤੀ ਜਾ ਸਕੇ ਅਤੇ ਪੰਜਾਬ ਨੂੰ ਮੁੜ ਤੋਂ ਵਿਕਾਸਸ਼ੀਲ ਅਤੇ ਤਰੱਕੀ ਵਾਲਾ ਖੁਸ਼ਹਾਲ ਸੂਬਾ ਬਣਾਇਆ ਜਾ ਸਕੇ।
ਹਲਕਾ ਵਿਧਾਇਕ ਸ. ਪ੍ਰਗਟ ਸਿੰਘ ਨੇ ਕਿਹਾ ਕਿ ਉਹ ਪਾਰਟੀ ਵਲੋਂ ਲਗਾਈ ਗਈ ਜਿੰਮੇਵਾਰੀ ਤਹਿਤ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਹੋ ਕੇ ਆਏ ਹਨ, ਜਿਥੇ ਇਹ ਵੇਖਣ ਨੂੰ ਮਿਲਿਆ ਕਿ ਦੇਸ਼ ਦੀ ਆਮ ਜਨਤਾ ਹੁਣ ਭਾਜਪਾ ਨੂੰ ਵੀ ਬਾਹਰ ਦਾ ਰਸਤਾ ਦਿਖਾਉਣ ਲਈ ਤਿਆਰ-ਬਰ-ਤਿਆਰ ਹੈ ਅਤੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਭਾਜਪਾ ਨੂੰ ਆਪਣਾ ਗਰਾਫ ਨਜ਼ਰ ਆ ਜਾਏਗਾ।
ਜਿਲ੍ਹਾ ਕਾਂਗਰਸ ਕਮੇਟੀ, ਜਲੰਧਰ ਸ਼ਹਿਰੀ ਦੇ ਵਾਈਸ ਪ੍ਰੈਜੀਡੈਂਟ ਅਤੇ ਕੈਂਟ ਤੋਂ ਸਾਬਕਾ ਕੌਂਸਲਰ ਸ਼੍ਰੀ ਅਵਿਨਾਸ਼ ਸ਼ਰਮਾ ਨੇ ਕੈਂਟਨਮੈਂਟ ਇਲਾਕੇ ਵਿੱਚ ਬੰਦ ਪਈਆਂ ਰਜਿਸਟਰੀਆਂ ਦੇ ਮੁੱਦੇ ਦੇ ਨਾਲ ਨਾਲ ਕੈਂਟ ਵਾਸੀਆਂ ਨੂੰ ਆ ਰਹੀਆਂ ਹੋਰ ਪ੍ਰੇਸ਼ਾਨੀਆਂ ਅਤੇ ਮੁਸ਼ਕਿਲਾਂ ਬਾਰੇ ਸ. ਚੰਨੀ ਨੂੰ ਜਾਣੂ ਕਰਵਾਇਆ। ਉਨ੍ਹਾਂ ਆਏ ਸਾਰੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਸਨ।





























