ਨਵਾਂਸ਼ਹਿਰ ਪੁਲਿਸ ਨੇ 1 ਕਿਲੋਗ੍ਰਾਮ ਅਫੀਮ ਸਮੇਤ ਇੱਕ ਨਸ਼ਾ ਤਸਕਰ ਨੂੰ ਕੀਤਾ ਕਾਬੂ

ਨਵਾਂਸ਼ਹਿਰ, (PRIME INDIAN NEWS) :- ਨਵਾਂਸ਼ਹਿਰ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 1 ਕਿਲੋਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ਪਕੜੇ ਗਏ ਦੋਸ਼ੀ ਦੀ ਪਹਿਚਾਣ ਅਮਰ ਸਿੰਘ ਵਾਸੀ ਅੰਬਾਲਾ, ਪਨਿਵਾਸੀ ਵੱਡਾ ਗਊ ਥਾਣਾ ਸਰੋਲੀ ਜ਼ਿਲ੍ਹਾ ਬਰੇਲੀ (ਯੂ.ਪੀ.) ਦੇ ਤੌਰ ਤੇ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗੜ੍ਹ ਦੇ SI ਰਾਕੇਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਹਾਈਟੈਕ ਨਾਕਾ ਅੰਸਰੋਂ ਪੁੱਜੇ, ਜਿੱਥੇ ਹਾਈਟੈਕ ਨਾਕਾ ਦੇ ਮੁਲਾਜ਼ਮਾਂ ਦੇ ਨਾਲ ਚੰਡੀਗੜ੍ਹ ਅਤੇ ਰੋਪੜ ਤੋਂ ਆਉਣ ਵਾਲੇ ਸ਼ੱਕੀ ਵਾਹਨਾਂ ਅਤੇ ਬਲਾਚੌਰ ਵਾਲੇ ਪਾਸੇ ਤੋਂ ਆ ਰਹੀਆਂ ਬੱਸਾਂ ਨੂੰ ਰੋਕ ਕੇ ਸਵਾਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਰੋਪੜ ਸਾਈਡ ਤੋਂ ਆ ਰਹੀ ਸਵਾਰੀਆਂ ਨਾਲ ਭਰੀ ਬੱਸ ਨੂੰ ਰੋਕ ਕੇ ਚੈਕਿੰਗ ਕੀਤੀ ਗਈ। ਇੱਕ ਵਿਅਕਤੀ ਜਿਸਨੇ ਆਪਣੇ ਸੱਜੇ ਹੱਥ ਵਿੱਚ ਇੱਕ ਭਾਰੀ ਕਾਲਾ ਲਿਫਾਫਾ ਫੜਿਆ ਹੋਇਆ ਸੀ, ਨਾਕੇ ਤੋਂ ਥੋੜ੍ਹੀ ਦੂਰੀ ‘ਤੇ ਰੋਪੜ ਵੱਲ ਜਾ ਰਿਹਾ ਸੀ। ਜਦੋਂ ਪੁਲਿਸ ਨੇ ਉਕਤ ਵਿਅਕਤੀ ਨੂੰ ਆਵਾਜ਼ ਮਾਰ ਕੇ ਰੁਕਣ ਲਈ ਕਿਹਾ ਤਾਂ ਉਕਤ ਵਿਅਕਤੀ ਨੇ ਆਪਣੇ ਹੱਥ ਵਿਚ ਫੜਿਆ ਕਾਲਾ ਲਿਫਾਫਾ ਸੜਕ ਕਿਨਾਰੇ ਘਾਹ ਵਿਚ ਸੁੱਟ ਦਿੱਤਾ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪਰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸਨੂੰ ਕਾਬੂ ਕਰ ਲਿਆ ਗਿਆ।
ਜਦੋਂ ਉਸ ਵੱਲੋਂ ਨਹਿਰ ਦੇ ਕੰਢੇ ਸੁੱਟੇ ਗਏ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਇੱਕ ਪਾਰਦਰਸ਼ੀ ਲਿਫਾਫੇ ਵਿੱਚ ਲਪੇਟੀ ਹੋਈ ਅਫੀਮ ਬਰਾਮਦ ਹੋਈ, ਜਿਸਦਾ ਵਜ਼ਨ ਕਰਨ ਤੇ ਇਕ ਕਿਲੋਗ੍ਰਾਮ ਅਫੀਮ ਪਾਈ ਗਈ। ਜਿਸਤੇ ਕਾਰਵਾਈ ਕਰਦੇ ਹੋਏ SI ਪੂਰਨ ਸਿੰਘ, ਇੰਚਾਰਜ ਚੌਕੀ ਅੰਸਰੋਂ ਥਾਣਾ ਕਾਠਗੜ੍ਹ ਨੇ ਉਕਤ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਮੁਕੱਦਮਾ ਦਰਜ ਕਰਕੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ’ਤੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਅਫੀਮ ਉਸਨੇ ਕਿੱਥੋਂ ਲਿਆਂਦੀ ਸੀ ਅਤੇ ਕਿੱਥੇ- ਕਿਥੇ ਸਪਲਾਈ ਕਰਨੀ ਸੀ।





























