
ਜਲੰਧਰ, ਐਚ ਐਸ ਚਾਵਲਾ। ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਡੇਢ ਕਿਲੋ ਅਫੀਮ ਬਰਾਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਇਤਲਾਹ ‘ਤੇ ਜਲੰਧਰ ਦੇ ਮੋਦੀ ਰਿਜੋਰਟ ਨੇੜੇ ਬੜਿੰਗ ਗੇਟ, ਹੇਡਨ ਪਾਰਕ ਵਿਖੇ ਸਰਵਿਸ ਰੋਡ ‘ਤੇ ਚੈਕਿੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪੁਲਿਸ ਪਾਰਟੀ ਨੇ ਫਗਵਾੜਾ ਵਾਲੇ ਪਾਸੇ ਤੋਂ ਦੋ ਵਿਅਕਤੀਆਂ ਨੂੰ ਪੈਦਲ ਆਉਂਦੇ ਦੇਖਿਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇੱਕ ਵਿਅਕਤੀ ਮੋਢੇ ’ਤੇ ਬੈਗ ਲੈ ਕੇ ਜਾ ਰਿਹਾ ਸੀ ਕਿ ਸ਼ੱਕ ਪੈਣ ’ਤੇ ਪੁਲੀਸ ਪਾਰਟੀ ਨੇ ਉਕਤ ਨੌਜਵਾਨ ਨੂੰ ਰੋਕ ਕੇ ਚੈਕਿੰਗ ਕੀਤੀ ਜਿਸ ਦੌਰਾਨ ਉਹਨਾਂ ਪਾਸੋਂ 1.5 ਕਿਲੋ ਅਫੀਮ ਬਰਾਮਦ ਹੋਈ ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਹਿਚਾਣ ਵਰਿੰਦਰ ਡਾਗੀ ਪੁੱਤਰ ਰਾਮਜੀਤ ਡਾਗੀ ਵਾਸੀ ਪਿੰਡ ਓਟਾ ਮੋੜ, ਪੋ੍. ਓਟਾ ਪੀ.ਐਸ ਚਤਰਾ ਜ਼ਿਲ੍ਹਾ ਚਤਰਾ ਝਾਰਖੰਡ ਅਤੇ ਰਵੀ ਕੁਮਾਰ ਪੁੱਤਰ ਤਲੇਸ਼ਵਰ ਡਾਗੀ ਵਾਸੀ ਪਿੰਡ ਓਟਾ ਮੋੜ ਗੁੱਬਾ, ਪੀਓ ਨਵਦੀ ਦਾਮੋਲ, ਜ਼ਿਲ੍ਹਾ ਚਤਰਾ ਝਾਰਖੰਡ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਕੈਂਟ ਜਲੰਧਰ ਵਿਖੇ ਐਫਆਈਆਰ 77 ਮਿਤੀ 29-06-2024 ਅਧੀਨ 20-61-85 ਐਨਡੀਪੀਐਸ ਐਕਟ ਦਰਜ ਕੀਤੀ ਗਈ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਰਵੀ ਨੇ ਮੰਨਿਆ ਕਿ ਗਰੀਬੀ ਕਾਰਨ ਉਹ ਅਫੀਮ ਦੀ ਤਸਕਰੀ ਦਾ ਧੰਦਾ ਕਰਦਾ ਸੀ।
ਇਸੇ ਤਰ੍ਹਾਂ ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵਰਿੰਦਰ 2001 ਵਿੱਚ ਮੁੰਬਈ ਗਿਆ ਸੀ ਅਤੇ ਆਟੋ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਦੱਸਿਆ ਕਿ 2018 ‘ਚ ਉਹ ਬੀਮਾਰੀ ਕਾਰਨ ਆਪਣੇ ਸੂਬੇ ਵਾਪਿਸ ਪਰਤਿਆ, ਜਿਸ ਤੋਂ ਬਾਅਦ ਅਫੀਮ ਦੀ ਤਸਕਰੀ ਕਰਨ ਲੱਗਾ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ, ਜੇਕਰ ਕੋਈ ਹਨ, ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।





























