
ਜਲੰਧਰ, ਐਚ ਐਸ ਚਾਵਲਾ। ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਂਗਸਟਰ ਲੰਡਾ ਹਰੀਕੇ ਬਣ ਕੇ ਸ਼ਹਿਰ ਦੇ ਉਦਯੋਗਪਤੀ ਨੂੰ ਫੋਨ ਕਰਕੇ ਫਿਰੌਤੀ ਮੰਗਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੇ ਸਨਅਤਕਾਰ ਬਲਕਾਰ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ 4 ਫਰਵਰੀ ਨੂੰ ਫਿਰੌਤੀ ਦੀ ਕਾਲ ਆਈ ਸੀ। ਉਨ੍ਹਾਂ ਦੱਸਿਆ ਕਿ ਫ਼ੋਨ ਕਰਨ ਵਾਲੇ ਨੇ ਉਸ ਦੀ ਪਛਾਣ ਖ਼ੌਫ਼ਨਾਕ ਗੈਂਗਸਟਰ ਲੰਡਾ ਹਰੀਕੇ ਵਜੋਂ ਕੀਤੀ ਸੀ ਅਤੇ ਉਸ ਤੋਂ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਉਦਯੋਗਪਤੀ ਅਤੇ ਉਸ ਦੇ ਪਰਿਵਾਰ ਦੀ ਮੰਗ ਪੂਰੀ ਨਾ ਹੋਣ ਦੀ ਸੂਰਤ ਵਿੱਚ ਨੁਕਸਾਨ ਕਰਨ ਦੀ ਧਮਕੀ ਦਿੱਤੀ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਉਕਤ ਮੰਗ ਕਰਨ ਲਈ 5 ਅਤੇ 6 ਫਰਵਰੀ ਨੂੰ ਮੁੜ ਉਦਯੋਗਪਤੀ ਨੂੰ ਫ਼ੋਨ ਕੀਤਾ ਸੀ | ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਉਦਯੋਗਪਤੀ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ ਜਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਜਾਂਚ ਦੌਰਾਨ ਕਾਲਾਂ ਪਿੱਛੇ ਅਮਨਜੋਤ ਸਿੰਘ ਪੁੱਤਰ ਮੱਖਣ ਸਿੰਘ ਅਤੇ ਮੱਖਣ ਸਿੰਘ ਪੁੱਤਰ ਮੋਹਨ ਸਿੰਘ ਦੋਵੇਂ ਵਾਸੀ ਕੈਦੋਵਾਲ ਮਾਹਿਲਪੁਰ ਹੁਸ਼ਿਆਰਪੁਰ ਦੀ ਭੂਮਿਕਾ ਨੂੰ ਟਰੇਸ ਕੀਤਾ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਦੋਸ਼ੀਆਂ ਖਿਲਾਫ ਥਾਣਾ ਸਦਰ ਜਲੰਧਰ ਵਿਖੇ ਐਫ.ਆਈ.ਆਰ ਨੰਬਰ 36 ਮਿਤੀ 11-02-2024 ਨੂੰ 386,506 ਆਈ.ਪੀ.ਸੀ. ਦਰਜ ਕੀਤੀ ਸੀ । ਉਨ੍ਹਾਂ ਦੱਸਿਆ ਕਿ ਮੱਖਣ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਅਮਨਜੋਤ ਅਜੇ ਫਰਾਰ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।





























