ਦੇਸ਼ਦੁਨੀਆਂਪੰਜਾਬ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵਕੀਲ ਦੇ ਘਰ ਗੋਲੀਬਾਰੀ ਦੀ ਘਟਨਾ ਪਿੱਛੇ ਸਾਜ਼ਿਸ਼ ਦਾ ਕੀਤਾ ਪਰਦਾਫਾਸ਼ , ਜਾਇਦਾਦ ਵਿਵਾਦ ਕਾਰਨ ਰਚੀ ਸਾਜ਼ਿਸ਼ ‘ਚ ਵਿਦੇਸ਼ੀ ਹੱਥ

ਜਲੰਧਰ, ਐਚ ਐਸ ਚਾਵਲਾ। ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਪੁਲਿਸ ਕਮਿਸ਼ਨਰੇਟ ਨੇ ਵਕੀਲ ਦੇ ਘਰ ਗੋਲੀਬਾਰੀ ਦੀ ਘਟਨਾ ਦੇ ਭੇਤ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 8 ਸਤੰਬਰ ਨੂੰ ਐਡਵੋਕੇਟ ਗੁਰਮੋਹਨ ਸਿੰਘ ਦੇ ਘਰ ਗੋਲੀਬਾਰੀ ਹੋਈ ਸੀ।ਉਨ੍ਹਾਂ ਦੱਸਿਆ ਕਿ ਐਫਆਈਆਰ ਨੰਬਰ 148 ਮਿਤੀ 12-09-2024 ਅਧੀਨ 109, 3(5) ਬੀ.ਐਨ.ਐਸ., 25 ਹਥਿਆਰ ਐਕਟ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ ਦਰਜ ਕੀਤਾ ਗਿਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਹਥਿਆਰ, ਕਾਰਤੂਸ, ਇੱਕ ਮੋਟਰਸਾਈਕਲ ਅਤੇ ਨਕਦੀ ਬਰਾਮਦ ਕੀਤੀ ਗਈ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਗੁਰਪਾਲ ਸਿੰਘ ਉਰਫ਼ ਗੋਪਾ ਜੋ ਵਰਤਮਾਨ ਵਿੱਚ ਬਰੈਂਪਟਨ, ਕੈਨੇਡਾ ਵਿੱਚ ਰਹਿ ਰਿਹਾ ਹੈ, ਗੋਲੀਬਾਰੀ ਦੇ ਮਾਸਟਰਮਾਈਂਡ ਵਜੋਂ ਪਛਾਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੁਭਮ ਉਰਫ ਸੁਭਾ ਦੇ ਨਜ਼ਦੀਕੀ ਸਾਥੀ ਗੁਰਪਾਲ ਸਿੰਘ ਨੇ ਹਮਲੇ ਨੂੰ ਅੰਜਾਮ ਦਿੱਤਾ ਸੀ ਅਤੇ ਗੋਲੀਬਾਰੀ ਵਿੱਚ ਵਰਤੇ ਗਏ ਕਾਰਤੂਸ ਜਤਿੰਦਰ ਉਰਫ ਭੋਲੂ ਨੇ ਜਲੰਧਰ ਵਿੱਚ ਸ਼ੁਭਮ ਦੇ ਕਹਿਣ ’ਤੇ ਧਰੁਵ ਅਤੇ ਪਵਨ ਨੂੰ ਸਪਲਾਈ ਕੀਤੇ ਸਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਗੋਲੀਬਾਰੀ ਦਾ ਕਾਰਨ ਜਾਇਦਾਦ ਦੇ ਝਗੜੇ ਨਾਲ ਜੁੜਿਆ ਹੋਇਆ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਮਰਪ੍ਰੀਤ ਸਿੰਘ ਔਲਖ, ਜਿਸਦਾ ਪਹਿਲਾਂ ਨਿਸਵੰਤ ਦੁਸਾਝ ਨਾਲ ਵਿਆਹ ਹੋਇਆ ਸੀ, ਨੇ ਸਾਢੇ 3 ਏਕੜ ਜ਼ਮੀਨ ਨੂੰ ਬਹਾਲ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਕਿਹਾ ਕਿ ਉਸਦੇ ਸੋਹਰੇ ਰਘਵੀਰ ਸਿੰਘ ਦੀ ਮੌਤ ਤੋਂ ਬਾਅਦ ਜ਼ਮੀਨ ਬਲਰਾਜ ਕੌਰ ਦੁਸਾਝ ਦੇ ਨਾਂ ਤਬਦੀਲ ਹੋ ਗਈ ਸੀ, ਜਿਸ ਦਾ ਅਮਰਪ੍ਰੀਤ ਸਿੰਘ ਨੇ ਅਦਾਲਤ ਵਿੱਚ ਕੇਸ ਕੀਤਾ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਚੱਲ ਰਹੇ ਕੇਸ ਕਾਰਨ ਵਕੀਲ ਗੁਰਮੋਹਨ ਸਿੰਘ ਨੂੰ ਅੰਤਰਰਾਸ਼ਟਰੀ ਨੰਬਰਾਂ ਤੋਂ ਧਮਕੀ ਭਰੇ ਫੋਨ ਆਏ ਅਤੇ ਕਾਰਵਾਈ ਨੂੰ ਪ੍ਰਭਾਵਿਤ ਕਰਨ ਲਈ 8 ਸਤੰਬਰ 2024 ਨੂੰ ਉਨ੍ਹਾਂ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗੋਲੀਬਾਰੀ ਕੈਨੇਡਾ ਵਿੱਚ ਰਹਿੰਦੇ ਬਲਰਾਜ ਪਾਲ ਦੌਸਾਝ ਅਤੇ ਉਸਦੇ ਪਰਿਵਾਰ ਵੱਲੋਂ ਗੁਰਪਾਲ ਸਿੰਘ ਦੇ ਸਹਿਯੋਗ ਨਾਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਦੌਰਾਨ ਬਲਰਾਜ ਪਾਲ ਦੌਸਾਝ ਅਤੇ ਉਸ ਦੇ ਪਰਿਵਾਰ ਦੀ ਹਮਲੇ ਨੂੰ ਅੰਜਾਮ ਦੇਣ ਵਿੱਚ ਭੂਮਿਕਾ ਬਾਰੇ ਹੋਰ ਵੇਰਵੇ ਸਾਹਮਣੇ ਆਉਣ ਦੀ ਉਮੀਦ ਹੈ।

Related Articles

Leave a Reply

Your email address will not be published. Required fields are marked *

Back to top button