ਦੇਸ਼ਦੁਨੀਆਂਪੰਜਾਬ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼, 12 ਕਿਲੋ ਗਾਂਜੇ ਸਮੇਤ 2 ਕਾਬੂ

ਜਲੰਧਰ, ਐਚ ਐਸ ਚਾਵਲਾ। ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ 2 ਵਿਅਕਤੀਆਂ ਨੂੰ 12 ਕਿਲੋ ਗਾਂਜੇ ਸਮੇਤ ਕਾਬੂ ਕਰਕੇ ਅੰਤਰਰਾਜੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਗਾਂਜੇ ਦੀ ਤਸਕਰੀ ਕਰਨ ਵਾਲਾ ਇੱਕ ਅੰਤਰਰਾਜੀ ਗਿਰੋਹ ਸਰਗਰਮ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਪੁਲਸ ਪਾਰਟੀ ਨੇ ਸੰਤ ਨਗਰ ਰੇਲਵੇ ਕਰਾਸਿੰਗ, ਰੇਲਵੇ ਕਲੋਨੀ ਨੇੜੇ ਜਾਲ ਵਿਛਾਇਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਟੀਮ ਨੇ ਸ਼ੱਕ ਦੇ ਆਧਾਰ ‘ਤੇ ਦੋ ਨੌਜਵਾਨਾਂ ਨੂੰ ਰੋਕਿਆ ਜਿਨ੍ਹਾਂ ਦੀ ਪਛਾਣ ਮੁਹੰਮਦ ਅਸਲਮ ਵਾਸੀ ਪਿੰਡ ਹੰਵਾੜਾ, ਗੋਂਡਾ, ਉੱਤਰ ਪ੍ਰਦੇਸ਼ ਅਤੇ ਮੁਹੰਮਦ ਦਾਨਿਸ਼ ਪੁੱਤਰ ਇਮਰਾਨ ਵਾਸੀ ਪਿੰਡ ਹੰਵਾੜਾ, ਗੋਂਡਾ, ਉੱਤਰ ਪ੍ਰਦੇਸ਼ ਵਜੋਂ ਹੋਈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਟੀਮ ਨੇ ਚੈਕਿੰਗ ਦੌਰਾਨ ਉਨ੍ਹਾਂ ਦੇ ਕਬਜ਼ੇ ‘ਚੋਂ 12 ਕਿਲੋ ਗਾਂਜਾ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਖਿਲਾਫ਼ ਥਾਣਾ ਨਿਊ ਬਾਰਾਦਰੀ ਜਲੰਧਰ ਵਿਖੇ 20-61-85 ਐਨ.ਡੀ.ਪੀ.ਐਸ ਐਕਟ ਅਧੀਨ 08-02-2024 ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਰੋਹ ਉੜੀਸਾ ਤੋਂ ਗਾਂਜਾ ਲਿਆਉਂਦਾ ਸੀ ਅਤੇ ਰੇਲ ਅਤੇ ਬੱਸ ਆਵਾਜਾਈ ਦੇ ਸੁਮੇਲ ਦੀ ਵਰਤੋਂ ਕਰਕੇ ਸੂਬੇ ਵਿੱਚ ਲਿਜਾਇਆ ਜਾਂਦਾ ਸੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗੈਂਗ ਵੱਲੋਂ ਇਹ ਖੇਪ ਜਲੰਧਰ ਵਿੱਚ ਪਹੁੰਚਾਈ ਜਾਣੀ ਸੀ ਪਰ ਪੁਲਿਸ ਨੇ ਗਿਰੋਹ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਫੜੇ ਗਏ ਦੋਵੇਂ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

Related Articles

Leave a Reply

Your email address will not be published. Required fields are marked *

Back to top button