ਜਲੰਧਰ, ਐਚ ਐਸ ਚਾਵਲਾ। ਨਸ਼ਿਆਂ ’ਤੇ ਨਕੇਲ ਪਾਉਣ ਲਈ ਚੱਲ ਰਹੀਆਂ ਲਗਾਤਾਰ ਕਾਰਵਾਈਆਂ ਦੌਰਾਨ, ਜਲੰਧਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਭਾਰਗੋ ਕੈਂਪ ਦੀ ਟੀਮ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਦਿਆਂ ਉਨ੍ਹਾਂ ਕੋਲੋਂ 16.8 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ IPS ਨੇ ਦੱਸਿਆ ਕਿ ਥਾਣਾ ਭਾਰਗੋ ਕੈਂਪ ਦੀ ਪੁਲਿਸ ਟੀਮ ਨੇ ਸ਼ਹਿਰ ਵਿੱਚ ਸ਼ੱਕੀ ਵਿਅਕਤੀਆਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਕੜੇ ਗਏ ਦੋਸ਼ੀਆਂ ਦੀ ਪਛਾਣ ਨੀਰਜ ਪੁੱਤਰ ਭੋਲਾ ਨਾਥ, ਵਾਸੀ ਮਕਾਨ ਨੰਬਰ 93/2, ਭਾਰਗੋ ਕੈਂਪ ਜਲੰਧਰ, ਮਾਨਵ ਪੁੱਤਰ ਕੀਮਤੀ ਲਾਲ, ਵਾਸੀ ਨੇੜੇ ਕਬੀਰ ਮੰਦਰ, ਭਾਰਗੋ ਕੈਂਪ ਜਲੰਧਰ ਅਤੇ ਕੁਨਾਲ ਪੁੱਤਰ ਸੋਮਨਾਥ, ਵਾਸੀ ਮਕਾਨ ਨੰਬਰ 66/11, ਭਾਰਗੋ ਕੈਂਪ ਜਲੰਧਰ ਵਜੋਂ ਹੋਈ ਹੈ।
ਪੁਲਿਸ ਨੇ ਦੋਸ਼ੀ ਨੀਰਜ ਪਾਸੋਂ 5.20 ਗ੍ਰਾਮ, ਮਾਨਵ ਪਾਸੋਂ 5.6 ਗ੍ਰਾਮ ਅਤੇ ਕੁਨਾਲ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਮੁਕੱਦਮਾ ਨੰਬਰ 156 ਮਿਤੀ 10.10.2025 ਅਧੀਨ ਧਾਰਾ 21-61-85 NDPS ਐਕਟ ਅਧੀਨ ਥਾਣਾ ਭਾਰਗੋ ਕੈਂਪ ਵਿੱਚ ਦਰਜ ਕੀਤਾ ਗਿਆ ਹੈ। ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਜਾਰੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਨਸ਼ਾ ਕਿੱਥੋਂ ਲਿਆ ਗਿਆ ਸੀ ਅਤੇ ਇਹਨਾਂ ਦੇ ਨਾਲ ਹੋਰ ਕੌਣ ਇਸ ਨੈਟਵਰਕ ਸ਼ਾਮਲ ਹੈ।





























