
ਪੈਰਿਸ, (PRIME INDIAN NEWS) :- ਇੱਕ ਪਾਸੇ ਤਾਂ 35-35 ਸਾਲਾਂ ਤੋਂ ਜੇਲਾਂ ਵਿੱਚ ਬੰਦ ਰਾਜਸੀ ਸਿੱਖ ਕੈਦੀਆਂ ਨੂੰ, ਉਨ੍ਹਾਂ ਦੀ ਬਣਦੀ ਸਜ਼ਾ ਕੱਟਣ ਉਪਰੰਤ ਰਿਹਾਅ ਤਾਂ ਕੀ ਕਰਨਾ, ਪੈਰੋਲ ਵੀ ਨਹੀਂ ਦਿੱਤੀ ਜਾ ਰਹੀ, ਐਪਰ ਦੂਜੇ ਪਾਸੇ ਕਾਤਿਲ ਅਤੇ ਬਲਾਤਕਾਰੀ ਸਿੱਧ ਹੋ ਚੁੱਕੇ ਰਾਮ ਰਹੀਮ ਨੂੰ ਮੌਕੇ ਦੀ ਸਰਕਾਰ, ਰਾਜਸੀ ਲਾਹਾ ਲੈਣ ਖਾਤਿਰ ਵਾਰ ਵਾਰ, ਐਨ ਇਲੈਕਸ਼ਨਾਂ ਦੇ ਵਕਤ ਪੈਰੋਲ ਦੇ ਦਿੰਦੀ ਹੈ, ਇਹ ਦੋਹਰੇ ਮਾਪੇ ਦੰਡ ਕਿਉਂ? ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਸਿੱਖ ਕੌਂਸਲ ਫਰਾਂਸ ਦੇ ਪ੍ਰਧਾਨ ਰਘੁਬੀਰ ਸਿੰਘ ਕੋਹਾੜ ਨੇ ਮੌਕੇ ਦੀ ਸਰਕਾਰ ਤੰਜ ਕੱਸਦਿਆਂ ਕੀਤਾ ਹੈ।
ਸਰਦਾਰ ਕੋਹਾੜ ਨੇ ਕਿਹਾ ਕਿ ਬਹੁਤ ਸਾਰੀਆਂ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ, ਰਾਜਸੀ ਪਾਰਟੀਆਂ ਅਤੇ ਸਿੱਖ ਵਿਦਵਾਨ, ਮੁਜਾਹਰਿਆਂ ਅਤੇ ਰੋਸ ਧਰਨਿਆਂ ਸਾਹਿਤ ਸਰਕਾਰੀ ਅਦਾਰਿਆਂ ਨਾਲ ਮੀਟਿੰਗਾਂ ਕਰਕੇ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਮੈਮੋਰੰਡਮ ਵੀ ਦੇ ਚੁੱਕੇ ਹਨ, ਲੇਕਿਨ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ।
ਇੰਟਰਨੈਸ਼ਨਲ ਸਿੱਖ ਕੌਂਸਲ ਫਰਾਂਸ ਦੇ ਪ੍ਰਧਾਨ ਸਰਦਾਰ ਰਘੁਬੀਰ ਸਿੰਘ ਕੋਹਾੜ ਨੇ ਮੀਡੀਆ ਰਾਹੀਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਨਾਲ ਸਬੰਧਿਤ ਸਿੱਖ ਕੈਦੀਆਂ ਦੀ ਰਿਹਾਈ ਬਾਰੇ ਵੀ ਸੋਚਣਾ ਚਾਹੀਦਾ ਹੈ। ਇੱਕ ਪਾਸੇ ਤਾਂ ਮੋਦੀ ਸਾਹਿਬ ਪੂਰਨ ਸ਼ਰਧਾ ਸਾਹਿਤ ਸਿੱਖ ਗੁਰੂਆਂ ਦੇ ਗੁਰਪੁਰਬ ਮਨਾ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਗੁਰੂਆਂ ਵੱਲੋਂ ਹੀ ਸਾਜੇ ਗਏ ਪੰਥ ਖਾਲਸਾ ਦੇ ਸਿੱਖਾਂ ਨੂੰ ਜੇਲਾਂ ਵਿੱਚ ਡੱਕ ਕੇ ਘੋਰ ਅਨਿਆਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਹੋ ਰਹੇ ਇਸ ਵਿਤਕਰੇ ਨੂੰ ਦੂਰ ਕੇ ਬੰਦੀ ਸਿੱਖਾਂ ਦੀ ਰਿਹਾਈ ਦਾ ਰਾਹ ਪੱਧਰਾ ਕੀਤਾ ਜਾਵੇ। ਜ਼ੇਕਰ ਰਿਹਾਈ ਨਹੀਂ ਹੋ ਸਕਦੀ ਤਾਂ ਘੱਟੋ ਘੱਟ ਪੈਰੋਲ ਤੇ ਰਿਹਾਅ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਦਾ ਮੌਕਾ ਜਰੂਰ ਦਿੱਤਾ ਜਾਵੇ। ਇਸ ਪ੍ਰਕਿਰਿਆ ਰਾਹੀਂ ਉਨ੍ਹਾਂ ਦਾ ਵਰਤਾਰਾ ਪਰਖਣ ਉਪਰੰਤ ਉਨ੍ਹਾਂ ਦੀ ਪੱਕੀ ਰਿਹਾਈ ਦਾ ਮਾਹੌਲ ਬਣ ਸੱਕਦਾ ਹੈ, ਜੋ ਕਿ ਕੇਂਦਰ ਸਰਕਾਰ ਵਾਸਤੇ ਸੰਭਵ ਹੀ ਨਹੀਂ ਬਲਕਿ ਬਹੁਤ ਅਸਾਨ ਹੈ।





























