
ਜਲੰਧਰ, ਐਚ ਐਸ ਚਾਵਲਾ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸੰਗਠਿਤ ਅਪਰਾਧ ਨਾਲ ਨਜਿੱਠਣ ਵਿੱਚ ਮਹੱਤਵਪੂਰਨ ਸਫ਼ਲਤਾ ਹਾਸਿਲ ਕੀਤੀ ਹੈ, ਜਿਸਦੇ ਚਲਦਿਆਂ ਪੁਲਿਸ ਨੇ ਮੁਠਭੇੜ ਦੌਰਾਨ 2 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਕੜੇ ਗਏ ਮੁਲਜਮਾਂ ਦੀ ਪਛਾਣ ਸੋਨੂੰ ਖੱਤਰੀ ਗੈਂਗ (ਅਮਰੀਕਾ ਤੋਂ ਕੰਮ ਕਰ ਰਿਹਾ) ਦੇ ਸੁਖਵਿੰਦਰ ਉਰਫ਼ ਸੁੱਖਾ ਅਤੇ ਹਰਪ੍ਰੀਤ ਵਜੋਂ ਹੋਈ ਹੈ।

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਲੰਬਾ ਪਿੱਛਾ ਅਤੇ ਕਰਾਸ-ਫਾਇਰਿੰਗ ਤੋਂ ਬਾਅਦ ਇਹਨਾਂ ਮੁਲਜਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਵਿਅਕਤੀ 2 ਅਪ੍ਰੈਲ, 2024 ਨੂੰ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਸਬ ਇੰਸਪੈਕਟਰ ਦੀਪਕ ਸ਼ਰਮਾ ਦੀ ਹੱਤਿਆ ਦੇ ਸਬੰਧ ਵਿੱਚ ਲੋੜੀਂਦੇ ਸਨ। ਗ੍ਰਿਫ਼ਤਾਰ ਵਿਅਕਤੀਆਂ ਪਾਸੋਂ 2 ਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਹਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ 3 ਸੰਭਾਵੀ ਕਤਲਾਂ ਨੂੰ ਰੋਕਿਆ ਗਿਆ ਹੈ।






























