
ਜਲੰਧਰ ਕੈਂਟ, ਐਚ ਐਸ ਚਾਵਲਾ। ਆਮ ਆਦਮੀ ਪਾਰਟੀ ਦੇ ਜਲੰਧਰ ਕੈਂਟ ਦੇ ਬਲਾਕ ਪ੍ਰਧਾਨ ਮੌਂਟੂ ਸਭਰਵਾਲ ਨੇ ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਮੇਅਰ ਦੀ ਚੋਣ ਦੌਰਾਨ ਧੱਕੇ ਨਾਲ ਬਣਾਏ ਗਏ ਭਾਜਪਾ ਦੇ ਮੇਅਰ ਨੂੰ ਹਟਾਕੇ ਆਮ ਆਦਮੀ ਪਾਰਟੀ ਦੇ ਮੇਅਰ ਲਗਾਉਣ ਦੇ ਇਤਿਹਾਸਕ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਅਤੇ ਝੂਠ ਦੇ ਪੈਰ ਨਹੀਂ ਹੁੰਦੇ ਹਨ, ਜਿਸਦੇ ਚਲਦਿਆਂ ਭਾਜਪਾ ਦਾ ਅਸਲੀ ਚਿਹਰਾ ਸਾਰੀ ਦੁਨੀਆਂ ਦੇ ਸਾਹਮਣੇ ਆ ਗਿਆ ਹੈ।
ਬਲਾਕ ਪ੍ਰਧਾਨ ਮੌਂਟੂ ਸਭਰਵਾਲ ਨੇ ਕਿਹਾ ਕਿ ਭਾਜਪਾ ਨੇ ਲੋਕਤੰਤਰ ਦਾ ਮਜ਼ਾਕ ਉਡਾਉਦਿਆਂ ਧੱਕੇ ਨਾਲ ਪਹਿਲੀ ਮਿਥੀ ਤਰੀਕ ’ਤੇ ਚੋਣ ਮੁਲਤਵੀ ਕਰਵਾਈ ਅਤੇ ਅਗਲੀ ਚੋਣ ਤੇ ਪ੍ਰਜਾਇੰਡਿੰਗ ਅਫਸਰ ਤੋਂ 8 ਵੋਟਾਂ ਰੱਦ ਕਰਵਾਈਆਂ ਅਤੇ ਭਾਜਪਾ ਦੇ ਮੇਅਰ ਨੂੰ ਜੇਤੂ ਕਰਾਰ ਦਿਵਾਇਆ, ਜਿਸਦਾ ਆਮ ਆਦਮੀ ਪਾਰਟੀ ਵਲੋਂ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਪਾਰਟੀ ਦੇ ਉਮੀਦਵਾਰ ਨਾਲ ਹੋਏ ਧੱਕੇ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਪਾਈ, ਜਿਸ ’ਤੇ ਸੁਪਰੀਮ ਕੋਰਟ ਦੇ 3 ਮੈਂਬਰੀ ਬੈਂਚ ਨੇ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਜੇਤੂ ਕਰਾਰ ਵੀ ਦਿੱਤਾ ਅਤੇ ਪ੍ਰਜਾਇੰਡਿੰਗ ਅਫਸਰ ਵੱਲੋਂ ਰੱਦ ਕੀਤੀਆਂ 8 ਵੋਟਾਂ ਨੂੰ ਵੀ ਸਹੀ ਕਰਾਰ ਦਿੱਤਾ।
ਬਲਾਕ ਪ੍ਰਧਾਨ ਮੌਂਟੂ ਸਭਰਵਾਲ ਨੇ ਇਸ ਫੈਸਲੇ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਜਨਰਲ ਸਕੱਤਰ ਸੰਦੀਪ ਪਾਠਕ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਮੇਅਰ ਕੁਲਦੀਪ ਕੁਮਾਰ ਅਤੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸਾਰੇ ਕੌਂਸਲਰਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਅਸੀ ਸਾਰੇ ਆਉਣ ਵਾਲੇ ਸਮੇਂ ਵਿੱਚ ਵੀ ਭਾਜਪਾ ਦੀ ਧੱਕੇਸ਼ਾਹੀ ਖਿਲਾਫ ਡੱਟਕੇ ਖੜੇ ਹੋਵਾਂਗੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕਸਭਾ ਚੋਣਾਂ ਅਤੇ ਨਗਰ ਨਿਗਮ ਚੋਣਾਂ ਦੌਰਾਨ ਵੀ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਜਿੱਤ ਹਾਸਿਲ ਕਰੇਗੀ।





























