ਦੇਸ਼ਦੁਨੀਆਂਪੰਜਾਬ

ਚੋਣਾਂ ਚਾਰ ਦਿਨਾ ਦਾ ਮੇਲਾ ਪਰ ਸਾਡਾ ਆਪਸੀ ਭਾਈਚਾਰਾ ਸਦਾ ਕਾਇਮ, ਪਾਰਟੀ ਬਾਜ਼ੀ ਤੋਂ ਉਪਰ ਉਠ ਕੇ ਦੋਸਤਾਂ ਨੇ ਮਨਾਇਆ ਕਾਂਗਰਸੀ ਮਿੱਤਰ “ਰਾਜਾ” ਦਾ ਜਨਮਦਿਨ

“ਰਾਜਾ” ਨੇ ਧੰਨਵਾਦ ਕਰਦਿਆਂ ਕਿਹਾ – “ਬੰਦੇ ਭਾਵੇਂ ਲੱਖਾਂ ਤੇ ਹਜ਼ਾਰਾਂ ਜੱਗ ਤੇ, ਯਾਰਾਂ ਨਾਲ ਹੁੰਦੀਆਂ ਬਹਾਰਾਂ ਜੱਗ ਤੇ”

ਜਲੰਧਰ ਕੈਂਟ, (ਐਚ ਐਸ ਚਾਵਲਾ) :- ਅੱਜ ਕੱਲ ਲੋਕਸਭਾ ਚੋਣਾਂ-2024 ਨੂੰ ਲੈ ਕੇ ਹਰ ਪਾਸੇ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ, ਜਿਸਦੇ ਚਲਦਿਆਂ ਹਰ ਕੋਈ ਆਪਣੀ ਆਪਣੀ ਰਾਜਨੀਤਕ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਿਹਾ ਹੈ ਪਰ ਜਲੰਧਰ ਕੈਂਟ ਹਲਕੇ ਵਿੱਚ ਇੱਕ ਐਸੀ ਮਿਸਾਲ ਦੇਖਣ ਨੂੰ ਮਿਲੀ ਹੈ, ਜਿਥੇ ਦੋਸਤਾਂ ਨੇ ਪਾਰਟੀ ਬਾਜ਼ੀ ਤੋਂ ਉਪਰ ਆਪਣੇ ਕਾਂਗਰਸੀ ਮਿੱਤਰ “ਰਾਜ ਕੁਮਾਰ ਰਾਜਾ” ਦਾ ਜਨਮਦਿਨ ਬੜੀ ਧੂਮਧਾਮ ਨਾਲ ਮਨਾਇਆ।

ਇਸ ਮੌਕੇ ਅਮਰੀਕਾ ਤੋਂ ਉਚੇਚੇ ਤੌਰ ਤੇ ਪਹੁੰਚੇ ਜਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਸ਼੍ਰੀ ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਚੋਣਾਂ ਤਾਂ ਚਾਰ ਦਿਨਾ ਦਾ ਮੇਲਾ ਹੁੰਦੀਆਂ ਨੇ ਪਰ ਸਾਡਾ ਆਪਸੀ ਭਾਈਚਾਰਾ ਸਦਾ ਕਾਇਮ ਹੈ, ਜਿਸਦੀ ਜਿਉਂਦੀ ਜਾਗਦੀ ਮਿਸਾਲ ਜਲੰਧਰ ਕੈਂਟ ਵਿੱਚ ਦੇਖੀ ਜਾ ਸਕਦੀ ਹੈ।

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਟੱਕਰ ਨੇ ਕਿਹਾ ਕਿ ਸਾਡਾ ਜਲੰਧਰ ਕੈਂਟ ਆਪਸੀ ਭਾਈਚਾਰਕ ਸਾਂਝ ਦੀ ਜਿਉਂਦੀ ਜਾਗਦੀ ਮਿਸਾਲ ਹੈ , ਜਿਥੇ ਸਾਰੇ ਕੈਂਟ ਵਾਸੀ ਨਗਰ ਵਿੱਚ ਹੋਣ ਵਾਲੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿਚ ਵੱਧ ਚੜ੍ਹ ਕੇ ਸ਼ਿਰਕਤ ਕਰਦੇ ਹਨ ਜੋ ਕਿ ਕਾਬਿਲ ਏ ਤਾਰੀਫ਼ ਹੈ।

ਬਾਵਾ ਮੋਹਿੰਦਰ ਸਿੰਘ ਨੇ ਕਿਹਾ ਕਿ ਕੈਂਟ ਵਾਸੀਆਂ ਦੇ ਦਿਲਾਂ ਵਿੱਚ ਇੱਕ ਦੂਜੇ ਪ੍ਰਤੀ ਇਨ੍ਹਾਂ ਪ੍ਰੇਮ ਭਾਵ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ, ਜਿਸਤੋਂ ਇਹ ਪ੍ਰਤੱਖ ਰੂਪ ਵਿੱਚ ਨਜ਼ਰ ਆਉਂਦਾ ਹੈ ਕਿ ਹਾਲਾਤ ਭਾਵੇਂ ਜਿਸ ਤਰਾਂ ਦੇ ਵੀ ਹੋਣ ਪਰ ਜਲੰਧਰ ਕੈਂਟ ਵਿੱਚ ਆਪਸੀ ਭਾਈਚਾਰਕ ਸਾਂਝ ਸਦਾ ਬਰਕਰਾਰ ਰਹੇਗੀ, ਜਿਸ ਵਿੱਚ ਰਤੀ ਭਰ ਵੀ ਸੰਦੇਹ ਨਹੀਂ ਹੈ।

ਜਗਮੋਹਨ ਸਿੰਘ ਖਹਿਰਾ ਨੇ ਕਿਹਾ ਕਿ ਅੱਜ ਦਾ ਇਹ ਭਾਈਚਾਰਕ ਮਾਹੌਲ ਦੇਖ ਕੇ ਦਿਲ ਬਾਗੋ ਬਾਗ ਹੋ ਗਿਆ, ਜਿਸਨੂੰ ਦੇਖ ਕੇ ਇਹ ਕਹਿਣ ਵਿੱਚ ਵੀ ਕੋਈ ਸੰਕੋਚ ਨਹੀਂ ਹੈ ਕਿ ਜ਼ਿੰਦਗੀ ਵਿੱਚ ਜਿੰਨੇ ਮਰਜ਼ੀ ਉਤਾਰ ਚੜਾਅ ਆ ਜਾਣ ਪਰ ਕੈਂਟ ਵਾਸੀਆਂ ਦੀ ਆਪਸੀ ਭਾਈਚਾਰਕ ਸਾਂਝ ਵਿੱਚ ਕਦੇ ਵੀ ਬਦਲਾਅ ਨਹੀਂ ਆਵੇਗਾ।

ਇਸ ਮੌਕੇ ਹਾਜਰ ਦੋਸਤਾਂ ਨੇ ਕੇਕ ਕੱਟ ਕੇ “ਰਾਜਾ” ਦਾ ਮੂੰਹ ਮਿੱਠਾ ਕਰਵਾਇਆ। “ਰਾਜਾ” ਨੇ ਦੋਸਤਾਂ ਵਲੋਂ ਦਿੱਤੇ ਗਏ ਮਾਣ ਸਤਿਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ “ਬੰਦੇ ਭਾਵੇਂ ਲੱਖਾਂ ਤੇ ਹਜ਼ਾਰਾਂ ਜੱਗ ਤੇ, ਯਾਰਾਂ ਨਾਲ ਹੁੰਦੀਆਂ ਬਹਾਰਾਂ ਜੱਗ ਤੇ” ਜਿਸ ਲਈ ਉਹ ਸਦਾ ਰਿਣੀ ਰਹਿਣਗੇ।

ਇਸ ਮੌਕੇ ਅਵਿਨਾਸ਼ ਸ਼ਰਮਾ, ਜੋਗਿੰਦਰ ਸਿੰਘ ਟੱਕਰ, ਬਾਵਾ ਮੋਹਿੰਦਰ ਸਿੰਘ, ਜਗਮੋਹਨ ਸਿੰਘ ਜੋਗਾ, ਹਰਜੀਤ ਸਿੰਘ ਟੱਕਰ, ਹਰਸ਼ਰਨ ਸਿੰਘ ਚਾਵਲਾ, ਰਾਜ ਕੁਮਾਰ ਰਾਜਾ, ਹਰਮੀਤ ਸਿੰਘ ਖਹਿਰਾ, ਹਰਪ੍ਰੀਤ ਸਿੰਘ ਬੰਨੀ ਚਾਵਲਾ, ਸਰਵਪ੍ਰੀਤ ਸਿੰਘ ਸੈਵੀ ਚਾਵਲਾ, ਸ਼ਿਵਾ ਆਦਿ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button