
ਕਿਹਾ – ਅਜਿਹੇ ਧਾਰਮਿਕ ਸਮਾਗਮਾਂ ਨਾਲ ਹੀ ਸਮੁੱਚੀ ਮਾਨਵਤਾ ਦਾ ਹੁੰਦਾ ਹੈ ਕਲਿਆਣ, ਬਣੀ ਰਹਿੰਦੀ ਹੈ ਆਪਸੀ ਭਾਈਚਾਰਕ ਸਾਂਝ
ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਸਾਈਂ ਭਗਤ ਮੰਡਲ, ਲਾਲ ਕੁੜਤੀ ਬਾਜ਼ਾਰ, ਜਲੰਧਰ ਛਾਉਣੀ ਵਲੋਂ ਸ਼੍ਰੀ ਸ਼ਿਵ ਸ਼ਨੀ ਮੰਦਿਰ ਵਿਖੇ ਸਾਈਂ ਸੰਧਿਆ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਈਂ ਭਗਤਾਂ ਨੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਪਾਵਨ ਅਵਸਰ ਤੇ ਮਨਜਿੰਦਰ ਕੌਰ ਫਿਰੋਜ਼ਪੁਰ ਵਾਲਿਆਂ ਨੇ ਆਈਆਂ ਸੰਗਤਾਂ ਨੂੰ ਸਾਈਂ ਭਜਨਾਂ ਦਾ ਗੁਣਗਾਨ ਕਰਦੇ ਹੋਏ ਗੁਰੂ ਚਰਨਾਂ ਨਾਲ ਜੋੜਿਆ।

ਇਸ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਐਗਰੋ ਦੇ ਚੇਅਰਮੈਨ ਸ਼੍ਰੀ ਮੰਗਲ ਸਿੰਘ ਬਾਸੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਚੇਅਰਮੈਨ ਮੰਗਲ ਸਿੰਘ ਬਾਸੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ਨਾਲ ਹੀ ਸਮੁੱਚੀ ਮਾਨਵਤਾ ਦਾ ਕਲਿਆਣ ਹੁੰਦਾ ਹੈ ਅਤੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਵੀ ਬਣੀ ਰਹਿੰਦੀ ਹੈ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਲੰਗਰ ਦਾ ਵੀ ਆਯੋਜਨ ਕੀਤਾ ਗਿਆ, ਜਿਸਨੂੰ ਸੰਗਤਾਂ ਨੇ ਸ਼ਰਧਾ ਭਾਵਨਾ ਸਹਿਤ ਛੱਕ ਕੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਸਵਿੰਦਰ ਸਿੰਘ ਖੱਟਰ, ਸ਼੍ਰੀਮਤੀ ਊਮਾ ਵਸ਼ਿਸ਼ਟ, ਰਿੰਕੂ ਰਾਜਾ, ਸੰਦੀਪ ਨਿਸ਼ਚਲ, ਨਿਖਿਲ, ਤਿਲਕ ਰਾਜ, ਜਗਦੀਸ਼ ਕੁਮਾਰ, ਰਾਜ ਕੁਮਾਰ, ਜਤਿਨ, ਰਤਨ ਲਾਲ, ਚੀਨੂ ਜੈਨ, ਗੁਲਸ਼ਨ ਜੈਨ, ਨੇਕ ਚੰਦ ਆਦਿ ਮੌਜੂਦ ਸਨ।





























