- ਕੁੱਲ 311 ਵੋਟਾਂ ‘ਚੋਂ 293 ਵੋਟਾਂ ਹੋਈਆਂ ਪੋਲ, ਚਰਨਜੀਤ ਸਿੰਘ ਚੱਡਾ ਨੂੰ 153 ਅਤੇ ਜੋਗਿੰਦਰ ਸਿੰਘ ਟੱਕਰ ਨੂੰ 135 ਪਈਆਂ, 5 ਵੋਟਾਂ ਹੋਈਆਂ ਰੱਦ
ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੇ ਪ੍ਰਧਾਨ ਦੀ ਚੋਣ ਮਿਤੀ 17/08/2025 ਦਿਨ ਐਤਵਾਰ ਨੂੰ 5 ਮੈਂਬਰੀ ਚੋਣ ਕਮੇਟੀ ਹਰਸ਼ਰਨ ਸਿੰਘ ਚਾਵਲਾ, ਸਵਿੰਦਰ ਸਿੰਘ ਖੱਟਰ, ਹਰਪ੍ਰੀਤ ਸਿੰਘ ਭਸੀਨ, ਬਾਵਾ ਮੋਹਿੰਦਰ ਸਿੰਘ, ਜਗਮੋਹਨ ਸਿੰਘ ਖਹਿਰਾ ਦੀ ਦੇਖ ਰੇਖ ਵਿੱਚ ਕਰਵਾਈ ਗਈ। 5 ਮੈਂਬਰੀ ਚੋਣ ਕਮੇਟੀ ਦੇ ਸਾਰੇ ਮੈਂਬਰਾਂ, ਦੋਨੋਂ ਉਮੀਦਵਾਰਾਂ, 4 ਪੋਲਿੰਗ ਏਜੇਂਟਾਂ ਅਤੇ ਸਪੈਸ਼ਲ ਡਿਊਟੀ ਵਾਲੇ (ਕੁੱਲ 12) ਨੂੰ ID ਕਾਰਡ ਬਣਾ ਕੇ ਦਿੱਤੇ ਗਏ। 

ਸਵੇਰੇ 7.45 ਤੱਕ ਦੋਨੋਂ ਉਮੀਦਵਾਰ ਸ. ਜੋਗਿੰਦਰ ਸਿੰਘ ਟੱਕਰ ਅਤੇ ਸ. ਚਰਨਜੀਤ ਸਿੰਘ ਚੱਡਾ ਅਤੇ ਉਨ੍ਹਾਂ ਦੇ ਪੋਲਿੰਗ ਏਜੇਂਟ ਰੁਪਿੰਦਰ ਸਿੰਘ ਭਸੀਨ, ਜਸਪ੍ਰੀਤ ਸਿੰਘ ਬੰਕੀ, ਇੰਦਰਪਾਲ ਸਿੰਘ, ਬਲਜਿੰਦਰ ਪਾਲ ਸਿੰਘ ਸੂਰੀ ਅਤੇ ਸਪੈਸ਼ਲ ਡਿਊਟੀ ਨਿਭਾਉਣ ਵਾਲੇ ਸਤਵਿੰਦਰ ਸਿੰਘ ਮਿੰਟੂ ਦੀ ਮੌਜੂਦਗੀ ਵਿੱਚ ਬੈਲਟ ਪੇਪਰ ਦਿਖਾਏ ਗਏ, ਖਾਲੀ ਬੈਲਟ ਬਾਕਸ ਦਿਖਾ ਕੇ ਉਮੀਦਵਾਰਾਂ ਦੇ ਪੋਲਿੰਗ ਏਜੇਂਟ ਦੇ ਦਸਤਖ਼ਤ ਕਰਵਾ ਕੇ ਸੀਲ ਕਰਨ ਤੋਂ ਬਾਅਦ ਠੀਕ 8 ਵੱਜੇ ਪੋਲਿੰਗ ਸ਼ੁਰੂ ਕਰ ਦਿੱਤੀ ਗਈ।

ਇਹ ਚੋਣ ਪ੍ਰੀਕਿਰਿਆ ਬਹੁਤ ਹੀ ਸੁਚੱਜੇ ਅਤੇ ਪਾਰਦਰਸ਼ੀ ਤਰੀਕੇ ਨਾਲ ਨਿਰਵਿਘਨਤਾ ਪੂਰਵਕ ਪੂਰੀ ਅਮਨ ਸ਼ਾਂਤੀ ਨਾਲ ਮੁਕੰਮਲ ਹੋਈ। ਇਸ ਦੌਰਾਨ ਗੁਰੂ ਘਰ ਦੇ ਬਣੇ ਕੁੱਲ 311 ਮੈਂਬਰਾਂ ‘ਚੋਂ 293 ਮੈਂਬਰਾਂ ਨੇ ਆਪਣੀ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕੀਤਾ, ਜਿਸ ਵਿਚੋਂ 153 ਵੋਟਾਂ ਚਰਨਜੀਤ ਸਿੰਘ ਚੱਡਾ ਨੂੰ ਅਤੇ 135 ਵੋਟਾਂ ਜੋਗਿੰਦਰ ਸਿੰਘ ਟੱਕਰ ਨੂੰ ਪਈਆਂ ਅਤੇ 5 ਵੋਟਾਂ ਰੱਦ ਹੋਈਆਂ। ਚਰਨਜੀਤ ਸਿੰਘ ਚੱਡਾ ਇਹ ਚੋਣ 18 ਵੋਟਾਂ ਦੇ ਫ਼ਰਕ ਨਾਲ ਜਿੱਤੇ। 5 ਮੈਂਬਰੀ ਚੋਣ ਕਮੇਟੀ ਵਲੋਂ ਚਰਨਜੀਤ ਸਿੰਘ ਚੱਡਾ ਨੂੰ ਜੇਤੂ ਸਰਟੀਫਿਕੇਟ ਦਿੱਤਾ ਗਿਆ। ਉਪਰੰਤ ਸ. ਚੱਡਾ ਨੇ ਆਪਣੇ ਸਮਰਥਕਾਂ ਨਾਲ ਗੁਰੂ ਘਰ ਨਤਮਸਤਕ ਹੋ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਲਿਆ।
ਪੁਲਿਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਸਨ। 5 ਮੈਂਬਰੀ ਚੋਣ ਕਮੇਟੀ ਵਲੋਂ ਜਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ। ਗੌਰਤਲਬ ਹੈ ਕਿ 5 ਮੈਂਬਰੀ ਚੋਣ ਕਮੇਟੀ ਵਲੋਂ ਇਸ ਚੋਣ ਪ੍ਰੀਕਿਰਿਆ ਸਬੰਧੀ ਜਿਲ੍ਹਾ ਪ੍ਰਸ਼ਾਸ਼ਨ, ਪੁਲਿਸ ਪ੍ਰਸ਼ਾਸ਼ਨ ਨੂੰ ਪੱਤਰ-ਵਿਹਾਰ ਕਰਨ ਅਤੇ ਚੋਣ ਸਮੱਗਰੀ ਤਿਆਰ ਕਰਵਾਉਣ ਦੀ ਜਿੰਮੇਵਾਰੀ ਆਪਣੇ ਹੀ ਮੈਂਬਰ ਹਰਸ਼ਰਨ ਸਿੰਘ ਚਾਵਲਾ ਨੂੰ ਸੌਂਪੀ ਗਈ ਸੀ, ਜੋਕਿ ਉਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ ਨਿਭਾਈ।





























