
ਪੰਜਾਬ ਦਾ ਭਲਾ ਸੋਚਣ ਵਾਲੀ ਇਕੋ-ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ – ਮਹਿੰਦਰ ਸਿੰਘ ਕੇ.ਪੀ.
ਜਲੰਧਰ, (PRIME INDIAN NEWS) :- ਜਲੰਧਰ ਸੈਂਟਰਲ ਹਲਕੇ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਮੀਟਿੰਗ ਕੀਤੀ ਗਈ, ਜਿੱਥੇ ਵੱਡੀ ਗਿਣਤੀ ਵਿਚ ਵਰਕਰ ਅਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿਸ ਵਿਚ ਹਲਕਾ ਇੰਚਾਰਜ ਇਕਬਾਲ ਸਿੰਘ ਢੀਂਡਸਾ ਵਲੋਂ ਵਿਰੋਧੀ ਪਾਰਟੀ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ‘ਤੇ ਵਰਦਿਆਂ ਕਿਹਾ ਗਿਆ ਕਿ ਉਹ ਜਲੰਧਰ ਦੇ ਲੋਕਾਂ ਦਾ ਕਦੇ ਭਲਾ ਨਹੀਂ ਸੋਚ ਸਕਦੇ ਕਿਉਂਕਿ ਉਨ੍ਹਾਂ ਨੇ ਮੁੱਖ ਮੰਤਰੀ ਰਹਿੰਦਿਆਂ ਆਪਣੇ ਰਿਸ਼ਤੇਦਾਰਾਂ ਰਾਹੀਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਇਲਜ਼ਾਮ ਲੱਗੇ ਸਨ ਕਿ ਸੈਰ ਸਪਾਟਾ ਵਿਭਾਗ ਵਿਚ ਕਰੋੜਾਂ ਰੁਪਏ ਦੀਆਂ ਬੇਨਿਯਮੀਆਂ ਪਾਈਆਂ ਗਈਆਂ ਸਨ। ਇਸਦੇ ਨਾਲ ਹੀ ਇਹ ਵੀ ਇਲਜ਼ਾਮ ਲੱਗੇ ਸਨ ਕਿ ਦਾਸਤਾਨ ਏ ਸ਼ਹਾਦਤ ਸਮਾਗਮ ਦੌਰਾਨ ਵੀ ਕਰੋੜਾਂ ਦਾ ਘਪਲਾ ਕੀਤਾ ਗਿਆ ਅਤੇ ਬੇਟੇ ਦੇ ਵਿਆਹ ਵਿਚ ਇਹਨਾਂ ਘਪਲਿਆਂ ਨੂੰ ਐਡਜਸਟ ਕੀਤਾ ਗਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਸਮੇਂ ਚੰਨੀ ਦੇ ਭਾਣਜੇ ਹਨੀ ਉੱਪਰ ਕਥਿਤ ਤੌਰ ‘ਤੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਈਡੀ ਨੇ ਭੁਪਿੰਦਰ ਸਿੰਘ ਹਨੀ ਦੇ ਘਰੋਂ 10 ਕਰੋੜ ਰੁਪਏ, 21 ਲੱਖ ਦੇ ਕਰੀਬ ਸੋਨਾ ਅਤੇ 12 ਲੱਖ ਰੁਪਏ ਦੀ ਰੋਲੈਕਸ ਘੜੀ ਬਰਾਮਦ ਕੀਤੀ ਗਈ ਸੀ। ਇਨ੍ਹਾਂ ਵਿੱਚੋਂ 8 ਕਰੋੜ ਰੁਪਇਆ ਹਨੀ ਦੇ ਹੋਮ ਲੈਂਡ ਸੁਸਾਇਟੀ ਸੈਕਟਰ ਸਤੱਤਰ ਮੁਹਾਲੀ ਵਿਖੇ ਉਸਦੇ ਘਰ ਤੋਂ ਬਰਾਮਦ ਕੀਤਾ ਸੀ ਅਤੇ ਉਸਦੇ ਇੱਕ ਸਾਥੀ ਸੰਦੀਪ ਦੇ ਲੁਧਿਆਣਾ ਦੇ ਇੱਕ ਟਿਕਾਣੇ ਤੋਂ 2 ਕਰੋੜ ਰੁਪਏ ਬਰਾਮਦ ਹੋਏ ਸੀ। ਇਹ ਸਾਰੀ ਕਾਰਵਾਈ ਪੰਜਾਬ ਪੁਲਿਸ ਵੱਲੋਂ 2018 ਵਿੱਚ ਰੋਪੜ ਦੇ ਥਾਣੇ ਵਿਖੇ ਨਜ਼ਾਇਜ ਰੇਤ ਮਾਇਨਿੰਗ ਮਾਮਲੇ ਵਿੱਚ ਦਰਜ ਇੱਕ ਐੱਫ.ਆਈ.ਆਰ ਦੇ ਅਧਾਰ ‘ਤੇ ਕੀਤੀ ਗਈ ਸੀ। ਇਸ ਲਈ ਲੋਕ ਚਰਨਜੀਤ ਸਿੰਘ ਚੰਨੀ ਨੂੰ ਨਕਾਰ ਦੇਣਗੇ।

ਉਥੇ ਹੀ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਨੇ ਕਿਹਾ ਕਿ ਪੰਜਾਬ ਦਾ ਭਲਾ ਸੋਚਣ ਵਾਲੀ ਇਕੋ-ਇਕ ਪਾਰਟੀ ਹੈ ਅਤੇ ਇਸ ਪਾਰਟੀ ਵਲੋਂ ਹੀ ਪੰਜਾਬ ਵਿਚ ਅਥਾਹ ਵਿਕਾਸ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਮਰਹੂਮ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਚ ਕਿੰਨਾ ਵਿਕਾਸ ਕਰਵਾ ਦਿੱਤਾ। ਪੰਜਾਬ ਵਿਚ 4 ਲੇਨ 6 ਲੇਨ ਸੜਕਾਂ ਬਣਵਾ ਦਿੱਤੀਆਂ। ਹਰ ਘਰ ਵਿਚ 24 ਘੰਟੇ ਬਿਜਲੀ ਸਪਲਾਈ ਹੋਣ ਲੱਗ ਪਈ। ਪੰਜਾਬ ਸਿੱਖਿਆ ਵਿਚ ਪਹਿਲੇ ਨੰਬਰ ‘ਤੇ ਆਉਣ ਲੱਗਾ। ਗਰੀਬਾਂ ਨੂੰ ਹਸਪਤਾਲ ਜਾਣ ਵਿਚ ਦਿੱਕਤ ਹੁੰਦੀ ਸੀ ਤਾਂ ਉਨ੍ਹਾਂ 108 ਐਂਬੂਲੈਂਸ ਸੇਵਾ ਸ਼ੁਰੂ ਕਰਵਾਈ ਤਾਂ ਹਰ ਗਰੀਬ ਨੂੰ ਆਪਣੇ ਮਰੀਜ਼ ਪਰਿਵਾਰਕ ਮੈਂਬਰ ਨੂੰ ਹਸਪਤਾਲ ਲਿਜਾਉਣ ਵਿਚ ਹੁਣ ਕੋਈ ਦਿੱਕਤ ਨਹੀਂ ਹੁੰਦੀ। ਸਰਕਾਰ ਦੇ ਇੰਨ੍ਹਾਂ ਕੰਮਾਂ ਦੀ ਹੁਣ ਵੀ ਲੋਕਾਂ ਵਿਚ ਗੱਲਾਂ ਹੁੰਦੀਆਂ ਹਨ ਤੇ ਹੁਣ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ ਪੰਜਾਬ ਵਿਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਗੇ।





























