
ਫਰਾਂਸ ਵਿੱਚ ਰਜਿਸਟਰਡ 8 ਭਾਰਤੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵਿਛੁੜੀਆਂ ਰੂਹਾਂ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਂਟ
ਸਮੂਹ ਸੰਗਤਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਕੀਤੀ ਅਰਦਾਸ
ਪੈਰਿਸ, (PRIME INDIAN NEWS) :- ਫਰਾਂਸ ਸਥਿੱਤ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਵਿਖ਼ੇ ਅੱਜ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਵੱਲੋਂ 7 ਹੋਰਨਾਂ ਭਾਰਤੀ ਸੰਸਥਾਵਾਂ ਦੇ ਸਹਿਯੋਗ ਨਾਲ ਪਹਿਲਗਾਮ ‘ਚ ਮਾਰੇ ਗਏ 26 ਬਕਸੂਰੇ ਸੈਨਾਨੀਆਂ ਦੀ ਯਾਦ ਵਿੱਚ ਇੱਕ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਉਨ੍ਹਾਂ 26 ਮਿਰਤਕ ਪ੍ਰਾਣੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।


ਸ਼ਰਧਾਂਜਲੀ ਸਮਾਰੋਹ ਵਿੱਚ ਭਾਗ ਲੈਣ ਵਾਲੀਆਂ ਸੰਸਥਾਵਾਂ ਵਿੱਚ, ਫਾਫੀ ਨਾਮ ਦੀ ਸੰਸਥਾ ਦੇ ਮੁਖੀ ਜੋਗਿੰਦਰ ਕੁਮਾਰ, ਬੇਗਮਪੁਰਾ ਏਡ ਇੰਟਰਨੈਸ਼ਨਲ ਦੇ ਮੁਖੀ ਰਾਮ ਸਿੰਘ, ਗੋਪੀਉ ਦੇ ਮੁਖੀ ਰਾਜਾ ਗੋਸੁਆਮੀ ਵਲੋਂ ਅਨਿਲ ਵਿਜੇ, ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਬੰਧਕ ਸ਼੍ਰੀ ਪਰਮਿੰਦਰ ਪ੍ਰਮਾਰ, ਇੰਡੀਅਨ ਇਨ ਫਰਾਂਸ ਦੇ ਮੁੱਖੀ ਦਲਜੀਤ ਸਿੰਘ, ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਪ੍ਰਬੰਧਕ ਲੱਖੀ ਬੇਗੋਵਾਲ ਅਤੇ ਰਵੀ ਸੱਲਾਂ ਵਾਲੇ ਆਦਿ ਨੇ ਇਸ ਅਤੰਕੀ ਹਮਲੇ ਦੀ ਪੁਰਜ਼ੋਰ ਸ਼ਬਦਾਂ ‘ਚ ਨਿੰਦਿਆ ਕੀਤੀ। ਫਰਾਂਸ ਦੀ ਵਸਨੀਕ ਸ਼੍ਰੀਮਤੀ ਕਵਿਤਾ ਸਿੰਘ ਨੇ ਵੀ ਹਾਅ ਦਾ ਨਾਹਰਾ ਮਾਰਦੇ ਹੋਏ ਅਤੰਕੀਆਂ ਨੂੰ ਰੱਜ ਕੇ ਕੋਸਿਆ।

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਹਾਜਰ ਹੋਏ ਨੁਮਾਇੰਦੇ, ਜਿਨ੍ਹਾ ਵਿੱਚ ਸ਼੍ਰੀ ਜੋਗਿੰਦਰ ਕੁਮਾਰ ਜੀ, ਸ਼੍ਰੀ ਪਰਮਿੰਦਰ ਪ੍ਰਮਾਰ ਜੀ, ਰਾਮ ਸਿੰਘ ਜੀ ਮੈਗੜਾ, ਅਨਿਲ ਵਿਜੇ, ਦਲਜੀਤ ਸਿੰਘ, ਗਿਆਨੀ ਸੁਰਜੀਤ ਸਿੰਘ, ਕਵਿਤਾ ਸਿੰਘ, ਰਮਨ ਸਿੰਘ, ਸੰਜੇ ਕੁਮਾਰ, ਅਮੀਰੋਦੀਨ ਫਾਰੂਕ, ਅਤੇ ਸ਼ਿਵ ਕੁਮਾਰ ਆਦਿ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਸਾਹਿਬ ਭੇਂਟ ਕਰਕੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸਭਨਾਂ ਨੇ ਕਿਹਾ ਕਿ ਅਬਲ ਤਾਂ ਐਸਾ ਮੰਜਰ ਕਿਸੇ ਦੀ ਵੀ ਜ਼ਿੰਦਗੀ ਵਿੱਚ ਕਦੇ ਨਾ ਆਵੇ ਪਰ ਜੇਕਰ ਕਦੇ ਕੋਈ ਵੀ ਇਹੋ ਜਿਹੀ ਅਣਹੋਣੀ ਵਾਪਰਦੀ ਹੈ ਤਾਂ ਅਸੀਂ ਸਾਰੇ ਇਕਜੁੱਟ ਹੋ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਹਮੇਸ਼ਾ ਖੜੇ ਰਹਾਂਗਾ।

ਇਸ ਮੌਕੇ ਹਾਜਰ ਸਮੂਹ ਸੰਗਤਾਂ ਨੇ ਨਿਸ਼ਾਨ ਸਾਹਿਬ ਦੇ ਕੋਲ ਖੜ ਕੇ 2 ਮਿੰਟ ਦਾ ਮੋਨ ਰੱਖ ਕੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਸਟੇਜ ਸਕੱਤਰ ਦੀ ਸੇਵਾ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਮੁੱਖੀ ਸ. ਇਕਬਾਲ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ।





























