
“ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ” ਦੇ ਜੈਕਾਰਿਆਂ ਦੀ ਗੂੰਜ ਵਿੱਚ ਝੁਲਾਏ ਗਏ ਨਿਸ਼ਾਨ ਸਾਹਿਬ
ਪੈਰਿਸ, (PRIME INDIAN NEWS) :- ਗੁਰਦੁਆਰਾ ਸੱਚਖੰਡਿ ਗੁਰੂ ਤੇਗੁ ਬਹਾਦੁਰ ਸਾਹਿਬ ਬੋਦੀ ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਗੁਰੂ ਘਰ ਦੀਆਂ ਸੰਗਤਾਂ ਨੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਅਰਦਾਸ ਕਰਕੇ ਚੋਲਾ ਸਾਹਿਬ ਬਦਲਣ ਦੀ ਕੀਤੀ। ਪੈਰਿਸ ਤੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ. ਇਕਬਾਲ ਸਿੰਘ ਭੱਟੀ ਅਤੇ ਭਾਈ ਜਸਵਿੰਦਰ ਸਿੰਘ ਪਾਸਲਾ ਨੇ ਦੱਸਿਆ ਕਿ ਗੁਰਦੁਆਰਾ ਵਿਖੇ ਗੁਰੂ ਘਰ ਦੀਆਂ ਸੰਗਤਾਂ ਨੇ ਹਫ਼ਤਾਵਾਰੀ ਪ੍ਰੋਗਰਾਮ ਸੁਖਮਨੀ ਸਾਹਿਬ ਦੇ ਸਪੂਰਨ ਭੋਗ ਪਾਏ ਉਪਰੰਤ ਗੁਰੂ ਘਰ ਦੇ ਕੀਰਤਨੀ ਜਥੇ ਨੇ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਵਿਆਖਿਆ ਸਾਹਿਤ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਵੀ ਦਿੱਤੀ। ਉਪਰੰਤ ਗੁਰੂ ਘਰ ਵਿਖੇ ਸੁਸ਼ੋਭਿਤ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲਣ ਵਾਸਤੇ ਪੰਜ ਪਿਆਰਿਆਂ ਦੀ ਅਗਵਾਈ ਅਤੇ ਸਾਧ ਸੰਗਤ ਦੀ ਹਾਜ਼ਰੀ ਵਿੱਚ ਗੁਰੂ ਘਰ ਦੇ ਵਜ਼ੀਰ ਨੇ ਅਰਦਾਸ ਕੀਤੀ ਅਤੇ “ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ” ਦੇ ਜੈਕਾਰਿਆਂ ਦੀ ਗੂੰਜ ਵਿੱਚ ਨਿਸ਼ਾਨ ਸਾਹਿਬ ਝੁਲਾਏ ਗਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਹਾਜਰ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ।





























