
7 ਨਵੰਬਰ ਤੋਂ 12 ਨਵੰਬਰ ਤੱਕ ਪ੍ਰਭਾਤ ਫੇਰੀਆਂ, 13 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਅਤੇ 15 ਨਵੰਬਰ ਨੂੰ ਸਜਾਏ ਜਾਣਗੇ ਧਾਰਮਿਕ ਦੀਵਾਨ
ਜਲੰਧਰ ਕੈਂਟ, ਐਚ ਐਸ ਚਾਵਲਾ/ਸੈਵੀ ਚਾਵਲਾ। ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਵੱਲੋਂ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਟੱਕਰ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਮਿਤੀ 7 ਨਵੰਬਰ 2024 ਤੋਂ 12 ਨਵੰਬਰ 2024 ਤੱਕ ਕੱਢੀਆਂ ਜਾਣਗੀਆਂ। 13 ਨਵੰਬਰ ਦਿਨ ਬੁੱਧਵਾਰ ਨੂੰ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਤੋਂ ਦੁਪਹਿਰ 3:00 ਵਜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜਾ ਪਿਆਰਿਆਂ ਦੀ ਅਗਵਾਈ ਹੇਠ ਨਰਸਿੰਘਿਆਂ, ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਵਿਸ਼ਾਲ ਨਗਰ ਕੀਰਤਨ ਆਰੰਭ ਹੋਵੇਗਾ, ਜਿਸ ਵਿੱਚ ਜਲੰਧਰ ਸ਼ਹਿਰ ਅਤੇ ਲਾਗਲੇ ਪਿੰਡਾ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਗੀਆਂ। ਨਗਰ ਕੀਰਤਨ ਵਿੱਚ ਸ਼ਸ਼ੋਭਿਤ ਪਾਲਕੀ ਸਾਹਿਬ ਤੇ ਚਵਰ ਸਾਹਿਬ ਦੀ ਸੇਵਾ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁੱਟੀਆਂ ਜੋਹਲਾਂ ਵਾਲੇ ਕਰਨਗੇ।

15 ਨਵੰਬਰ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜੱਥੇ ਆਈਆਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਇਸ ਮੌਕੇ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਆਪਣੀਆਂ ਹਾਜਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।





























