
ਦੋਸ਼ੀ ਦੀਆਂ ਅਪਰਾਧਿਕ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਪੜਤਾਲ ਜਾਰੀ – CP ਸਵਪਨ ਸ਼ਰਮਾ
ਜਲੰਧਰ, ਐਚ ਐਸ ਚਾਵਲਾ। ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਸ਼ਹਿਰ ਵਿੱਚ ਵਾਹਨ ਚੋਰੀ ਕਰਨ ਵਾਲਿਆਂ ਖਿਲਾਫ਼ ਚਲਾਈ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਪੰਜ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਆਫ਼ ਪੁਲਿਸ ਸਵਪੱਨ ਸ਼ਰਮਾ ਨੇ ਦੱਸਿਆ ਕਿ ਥਾਣਾ ਨੰਬਰ 8 ਦੀ ਪੁਲਿਸ ਟੀਮ ਵਲੋਂ ਗਦੱਈਪੁਰ ਵਿਖੇ ਨਹਿਰ ਦੀ ਪੂਲੀ ਕੋਲ ਜਾਂਚ ਕੀਤੀ ਜਾ ਰਹੀ ਸੀ ਇਸ ਦੌਰਾਨ ਇਕ ਸ਼ੱਕੀ ਵਿਅਕਤੀ ਜਿਸ ਦੀ ਪਹਿਚਾਣ ਪਵਨਦੀਪ ਸਿੰਘ ਉਰਫ਼ ਪਿੰਟੂ ਵਲੋਂ ਹੋਈ ਹੈ ਤੋਂ ਪੁੱਛਗਿਛ ਕੀਤੀ ਗਈ ਤੇ ਜਾਂਚ ਦੌਰਾਨ ਚੋਰੀ ਕੀਤਾ ਗਿਆ ਸਪਲੈਂਡਰ ਮੋਟਰਸਾਈਕਲ (ਪੀਬੀ09-ਏ.ਵੀ.-2939) ਉਸ ਦੇ ਕਬਜ਼ੇ ਵਿਚੋਂ ਬਰਾਮਦ ਕੀਤਾ ਗਿਆ। ਇਸ ਤਰ੍ਹਾਂ ਥਾਣਾ ਨੰਬਰ 8 ਵਿਖੇ ਬੀ.ਐਨ.ਐਸ.ਦੀ ਧਾਰਾ 303(2) ਅਤੇ 317 ਤਹਿਤ ਐਫ.ਆਈ.ਆਰ. ਨੰਬਰ 08 ਦਰਜ ਕੀਤੀ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੁਲਜ਼ਮ ਪਿੰਟੂ ਵਲੋਂ ਕਈ ਮੋਟਰਸਾਈਕਲ ਚੋਰੀ ਕੀਤੇ ਗਏ ਹਨ ਜਿਨ੍ਹਾਂ ਵਿੱਚ ਹੀਰੋ ਹੌਂਡਾ (ਪੀਬੀ 08-ਐਫ.ਜੇ. 0271), ਐਕਟਿਵਾ (ਪੀਬੀ 08 ਡੀ.ਐਚ 7470), ਹੀਰੋ ਪੈਸ਼ਨ (ਪੀਬੀ 09 ਏ.ਜੀ. 1894) ਅਤੇ ਇਕ ਹੋਰ ਹੀਰੋ ਸਪਲੈਂਡਰ (ਪੀ.ਬੀ. 08 ਈ.ੲੈ. 9663) ਸ਼ਾਮਿਲ ਹਨ। ਉਕਤ ਮੁਲਜ਼ਮ ਦਾ ਸਬੰਧ ਐਫ.ਆਈ.ਆਰ. ਨੰਬਰ 102/2024 ਨਾਲ ਵੀ ਪਾਇਆ ਗਿਆ। ਸਾਰੇ ਵਹੀਕਲ ਮੁਲਜ਼ਮ ਵਲੋਂ ਖੁਲਾਸਾ ਕਰਨ ’ਤੇ ਜਬਤ ਕੀਤੇ ਗਏ।
ਕਮਿਸ਼ਨਰ ਆਫ਼ ਪੁਲਿਸ ਨੇ ਦੱਸਿਆ ਕਿ ਹੁਣ ਪੁਲਿਸ ਵਲੋਂ ਮੁਲਜ਼ਮ ਦੇ ਹੋਰਨਾਂ ਅਪਰਾਧਾਂ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਮਿਸ਼ਨਰ ਆਫ਼ ਪੁਲਿਸ ਵਲੋਂ ਸ਼ਹਿਰ ਵਿੱਚ ਸਮਾਜ ਵਿਰੋਧੀ ਤੱਤਾਂ ’ਤੇ ਨੱਥ ਪਾ ਕੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ।





























