
ਜਲੰਧਰ, ਐਚ ਐਸ ਚਾਵਲਾ। ਨਸ਼ਾ ਤਸਕਰਾਂ ’ਤੇ ਨਕੇਲ ਕੱਸਦੇ ਹੋਏ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਪੁਲਿਸ ਕਮਿਸ਼ਨਰ ਸ੍ਰੀਮਤੀ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਇਕ ਨਸ਼ਾ ਤਸਕਰ ਦੀ ₹52,86,286 ਦੀ ਚਲ-ਅਚਲ ਸੰਪਤੀ ਜ਼ਬਤ ਕੀਤੀ ਹੈ।

ਵੇਰਵਾ ਸਾਂਝਾ ਕਰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਕੱਦਮਾ ਨੰਬਰ 122 ਮਿਤੀ 20.05.2025 ਧਾਰਾ 21(c)/27-A NDPS ਐਕਟ ਤਹਿਤ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 8, ਜਲੰਧਰ ’ਚ ਦਰਜ ਕੀਤੀ ਗਈ ਸੀ, ਜਿਸ ਵਿੱਚ ਆਰੋਪੀ ਬਰਿੰਦਰ ਸਿੰਘ @ ਬੱਬੂ ਪੁੱਤਰ ਸ੍ਰੀ ਦਵਿੰਦਰ ਸਿੰਘ, ਨਿਵਾਸੀ ਨਿਊ ਅਮਰ ਨਗਰ, ਜਲੰਧਰ (ਹਾਲ ਵਾਸੀ ਮਕਾਨ ਨੰਬਰ 38, ਸੁਖਮਨੀ ਐਨਕਲੇਵ, ਬੰਗਾ ਰੋਡ, ਫਗਵਾੜਾ, ਜ਼ਿਲ੍ਹਾ ਕਪੂਰਥਲਾ) ਤੋਂ 1 ਕਿਲੋ ਹੈਰੋਇਨ ਬਰਾਮਦ ਹੋਈ ਸੀ।
ਉਨ੍ਹਾਂ ਨੇ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਨਸ਼ਾ ਤਸਕਰ ਨੇ ਨਸ਼ੇ ਦੇ ਕਾਰੋਬਾਰ ਦੇ ਪੈਸਿਆਂ ਨਾਲ ਸੰਪਤੀ ਅਤੇ ਵਾਹਨ ਖ਼ਰੀਦ ਕੇ ਚੱਲ ਅਚੱਲ ਜਾਇਦਾਦ ਬਣਾਈ ਹੈ। ਇਸ ਤੋਂ ਬਾਅਦ ਪੁਲਿਸ ਵੱਲੋਂ ਸੰਪਤੀ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਸੰਬੰਧਤ ਅਧਿਕਾਰੀ ਵੱਲੋਂ ਸੰਪਤੀ ਅਤੇ ਵਾਹਨ ਜ਼ਬਤ ਕਰਨ ਦੇ ਹੁਕਮ ਪ੍ਰਾਪਤ ਹੋ ਚੁੱਕੇ ਹਨ।
ਉਨ੍ਹਾਂ ਨੇ ਦੱਸਿਆ ਕਿ *ਜ਼ਬਤ ਕੀਤੀ ਸੰਪਤੀ ਵਿੱਚ ₹35,80,000 ਮੁੱਲ ਦਾ ਘਰ (ਜ਼ਮੀਨ + ਨਿਰਮਾਣ) ਅਤੇ ₹17,06,286 ਮੁੱਲ ਦੀ ਹੁੰਡਾਈ ਕ੍ਰੇਟਾ (ਪਰਲ ਬਲੈਕ) ਸ਼ਾਮਲ ਹੈ। ਕੁੱਲ ਸੰਪਤੀ ਦਾ ਮੁੱਲ ₹52,86,286* ਬਣਦਾ ਹੈ।
ਨਸ਼ਿਆਂ ਦੀ ਬੁਰਾਈ ਨੂੰ ਸ਼ਹਿਰ ਤੋਂ ਖਤਮ ਕਰਨ ਦੇ ਵਚਨ ਨੂੰ ਦੁਹਰਾਉਂਦੇ ਹੋਏ, ਉਨ੍ਹਾਂ ਨੇ ਕਿਹਾ ਕਿ ਜੋ ਵੀ ਵਿਅਕਤੀ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹੋਏ, ਉਹਨਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਸ਼ੇ ਦੇ ਪੈਸਿਆਂ ਨਾਲ ਖਰੀਦੀ ਕੋਈ ਵੀ ਸੰਪਤੀ ਜਾਂ ਵਾਹਨ ਜ਼ਬਤ ਕਰ ਲਿਆ ਜਾਵੇਗਾ।





























