ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਨੇ ਕਿਹਾ ਹੈ ਕਿ ਅਕਾਲੀ ਸੁਧਾਰ ਲਹਿਰ ਵਾਲੇ ਰੌਲਾ ਪਾਉਂਦੇ ਸਨ ਕਿ ਸੁਖਬੀਰ ਸਿੰਘ ਬਾਦਲ ਕੁਰਸੀ ਨਹੀਂ ਛੱਡ ਰਿਹਾ ਤੇ ਆਹ ਹੁਣ ਇਨ੍ਹਾਂ ਨੇ ਕੁਰਸੀ ਦੀ ਖਾਤਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਵੀ ਉਡੀਕ ਨਹੀਂ ਕੀਤੀ, ਹੁਣ ਦੱਸੋ ਕਿ ਕੁਰਸੀ ਦਾ ਮੋਹ ਕਿਨ੍ਹਾਂ ਨੂੰ ਹੈ ਸ. ਸੁਖਬੀਰ ਸਿੰਘ ਬਾਦਲ ਨੂੰ ਜਾਂ ਫਿਰ ਅਕਾਲੀ ਸੁਧਾਰ ਲਹਿਰ ਵਾਲਿਆਂ ਨੂੰ, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਵੀ ਉਡੀਕ ਨਹੀਂ ਕੀਤੀ।
ਇਸ ਬਾਰੇ ਸ. ਭੱਟੀ ਨੇ ਸੋਸ਼ਲ ਮੀਡੀਆ ਤੇ ਇੱਕ ਵੀਡਿਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਸ. ਸੁਖਬੀਰ ਸਿੰਘ ਬਾਦਲ ਨੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਿਰ ਮੱਥੇ ਪ੍ਰਵਾਨ ਕਰਦੇ ਹੋਏ, ਪੇਸ਼ ਹੋਣ ਤੋਂ ਪਹਿਲਾਂ ਹੀ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਦਾ ਨਿੱਜੀ ਫੈਸਲਾ ਲਿਆ ਸੀ, ਪਰ ਅਕਾਲੀ ਸੁਧਾਰ ਲਹਿਰ ਵਾਲਿਆਂ ਨੇ ਤਾਂ ਆਪਣੇ ਆਪ ਨੂੰ ਸਭ ਤੋਂ ਉੱਚਾ ਸਮਝਦੇ ਹੋਏ ਬੀਬੀ ਜਗੀਰ ਕੌਰ ਜੀ ਨੂੰ ਪਾਰਟੀ ਦੇ ਪ੍ਰਧਾਨ ਵਜੋਂ ਪੇਸ਼ ਕਰ ਦਿੱਤਾ ਜੋ ਕਿ ਸਰਾਸਰ ਗਲਤ ਹੈ।
ਸ. ਭੱਟੀ ਨੇ ਕਿਹਾ ਕਿ ਬੀਬੀ ਜਗੀਰ ਕੌਰ ਜੀ ਸਾਡੇ ਸਤਿਕਾਰਯੋਗ ਹਨ ਅਤੇ ਉਹ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਨੂੰ ਇਹ ਸੱਭ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਸੀ ਲੇਕਿਨ ਉਨ੍ਹਾਂ ਵਲੋਂ ਐਸਾ ਨਾ ਕਰਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵੀ ਤੌਹੀਨ ਹੈ। ਸ. ਭੱਟੀ ਨੇ ਕਿਹਾ ਕਿ ਜੋ ਮੇਰੇ ਮਨ ਵਿੱਚ ਵਿਚਾਰ ਆਏ, ਉਹ ਮੈਂ ਜਗ ਜਾਹਿਰ ਕਰ ਦਿੱਤੇ ਬਾਕੀ ਜੇ ਮੇਰੇ ਵਿਚਾਰਾਂ ਤੋਂ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਖਿਮਾ ਦਾ ਜਾਚਕ ਹਾਂ।





























