
ਜਲੰਧਰ, ਐਚ ਐਸ ਚਾਵਲਾ। ਹਾਕੀ ਦੇ ਮੈਦਾਨ ਵਿੱਚ ਪੰਜਾਬ ਦੀ ਊਰਜਾ ਅਤੇ ਮੁਹਾਰਤ ਨੂੰ ਉਜਾਗਰ ਕਰਨ ਲਈ ਵਜਰ ਕੋਰ ਵੱਲੋਂ ਜਲੰਧਰ ਕੈਂਟ ਵਿੱਚ “ਵਜਰ ਪੰਜਾਬ ਹਾਕੀ ਲੀਗ 2024 – ਸੀਜ਼ਨ 01” ਦਾ ਆਯੋਜਨ ਕੀਤਾ ਜਾ ਰਿਹਾ ਏ। ਇਹ ਟੂਰਨਾਮੈਂਟ 18 ਤੋਂ 23 ਨਵੰਬਰ ਨੂੰ ਜਲੰਧਰ ਕੈਂਟ ਦੇ ਐਸਟ੍ਰੋਟਰਫ ਕਟੋਚ ਸਟੇਡੀਅਮ ਵਿੱਚ ਕਰਵਾਇਆ ਜਾਵੇਗਾ। ਟੂਰਨਾਮੈਂਟ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਟੀਮਾਂ ਹਿੱਸਾ ਲੈਣਗੀਆਂ।
“ਵਜਰ ਪੰਜਾਬ ਹਾਕੀ ਲੀਗ” ਸਿਰਫ ਇੱਕ ਖੇਡ ਮੁਕਾਬਲਾ ਨਹੀਂ ਹੈ ਬਲਕਿ ਇਹ ਇੱਕ ਮਿਸ਼ਨ ਹੈ। ਇਸ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਦੇ ਖਤਰਿਆਂ ਪ੍ਰਤੀ ਜਾਗਰੂਕ ਕਰਨਾ ਅਤੇ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਾ ਹੈ। ਇਸ ਤੋਂ ਇਲਾਵਾ ਇਸ ਦਾ ਉਦੇਸ਼ ਨਾ ਸਿਰਫ ਖੇਡਾਂ ਨੂੰ ਹੱਲਾਸ਼ੇਰੀ ਦੇਣਾ ਹੈ ਬਲਕਿ ਸੂਬੇ ਦੇ ਨੌਜਵਾਨਾਂ ਵਿੱਚ ਚੰਗੀ ਸਿਹਤ , ਸਕਾਰਾਤਮਕ ਜੀਵਨਸ਼ੈਲੀ ਅਤੇ ਖੇਡ ਭਾਵਨਾ ਨੂੰ ਵੀ ਵਧਾਉਣਾ ਹੈ।
ਵਜਰ ਕੋਰ ਵੱਲੋਂ ਇਹ ਲੀਗ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਕਰਵਾਈ ਜਾਵੇਗੀ। ਜਿਸ ਨਾਲ ਨੌਜਵਾਨਾਂ ਨੂੰ ਆਪਣੀ ਮੁਹਾਰਤ ਦਿਖਾਉਣ ਦਾ ਇੱਕ ਵੱਡਾ ਮੰਚ ਮਿਲੇਗਾ। ਮੁਕਾਬਲੇ ਵਿੱਚ ਪਹਿਲਾ ਪੁਰਸਕਾਰ 2 ਲੱਖ ਰੁਪਏ , ਦੂਜਾ ਪੁਰਸਕਾਰ ਇੱਕ ਲੱਖ ਅਤੇ ਤੀਜਾ ਪੁਰਸਕਾਰ 50 ਹਜ਼ਾਰ ਰੁਪਏ ਦਾ ਰੱਖਿਆ ਗਿਆ ਹੈ। ਉਦਘਾਟਨ ਅਤੇ ਸਮਾਪਤੀ ਸਮਾਗਮ ਵਿੱਚ ਸੱਭਿਆਚਾਰਕ ਪ੍ਰੋਗਰਾਮ , ਨਸ਼ਾ ਮੁਕਤੀ ਤੇ ਅਧਾਰਿਤ ਨੁੱਕੜ ਨਾਟਕ ਅਤੇ ਬੈਂਡ ਪ੍ਰਦਰਸ਼ਨ ਵੇਖਣ ਨੂੰ ਮਿਲਣਗੇ , ਜੋ ਦਰਸ਼ਕਾਂ ਲਈ ਇੱਕ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ ।





























