
ਸੁਰੱਖਿਆ ਪ੍ਰਬੰਧਾਂ ਤੇ ਰੱਖੀ ਜਾ ਰਹੀ ਹੈ ਸਿੱਧੀ ਨਿਗਰਾਨੀ, ਹਰ ਘੰਟੇ ਕੀਤੀ ਜਾ ਰਹੀ ਹੈ ਸਮੀਖਿਆ
ਸ਼ਾਂਤਮਈ ਮਾਹੌਲ ਭੰਗ ਕਰਨ ਜਾਂ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦੇਣ ਵਾਲੇ ਨਾਲ ਬਿਨਾਂ ਕਿਸੇ ਦੇਰੀ ਸਖਤੀ ਨਾਲ ਨਜਿੱਠਿਆ ਜਾਵੇਗਾ
ਜਲੰਧਰ, ਐਚ ਐਸ ਚਾਵਲਾ। ਆਜ਼ਾਦੀ ਦਿਵਸ ਦੇ ਮੱਦੇਨਜ਼ਰ ਜਲੰਧਰ ਪੁਲਿਸ ਵੱਲੋਂ ਪੂਰੇ ਸ਼ਹਿਰ ਵਿੱਚ ਪੁਲਿਸ ਅਧਿਕਾਰੀ ਤਾਇਨਾਤ ਕਰਦੇ ਹੋਏ ਇਕ ਵਿਆਪਕ ਸੁਰੱਖਿਆ ਯੋਜਨਾ ਲਾਗੂ ਕੀਤੀ ਗਈ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ ਹੈ ਅਤੇ ਗਰਾਉਡ ਰਿਪੋਰਟਾਂ ਦੀ ਸਮੀਖਿਆ ਕੀਤੀ ਗਈ ਹੈ।

ਪੁਲਿਸ ਕਮਿਸ਼ਨਰ ਜਲੰਧਰ ਅਤੇ ਜੋਇੰਟ ਸੀਪੀ ਵੱਲੋਂ ਸੁਰੱਖਿਆ ਪ੍ਰਬੰਧਾਂ ਤੇ ਸਿੱਧੀ ਨਿਗਰਾਨੀ ਰੱਖੀ ਜਾ ਰਹੀ ਹੈ, ਜਿਨ੍ਹਾਂ ਦੀ ਸਮੀਖਿਆ ਹਰ ਘੰਟੇ ਕੀਤੀ ਜਾ ਰਹੀ ਹੈ। ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਪੁਲਿਸ ਟ੍ਰੇਨਿੰਗ ਸੈਂਟਰਾਂ ਤੋਂ ਹੋਰ ਫੋਰਸ ਮੰਗਵਾਈ ਗਈ ਹੈ। ਭੀੜ-ਭੜੱਕੇ ਵਾਲੇ ਜਨਤਕ ਖੇਤਰਾਂ, ਜਿਨ੍ਹਾਂ ਵਿੱਚ ਰੇਲਵੇ ਸਟੇਸ਼ਨ, ਬੱਸ ਸਟੈਂਡ, ਪਾਰਕਿੰਗ ਸਹੂਲਤਾਂ ਅਤੇ ਸ਼ਾਪਿੰਗ ਮਾਲ ਸ਼ਾਮਲ ਹਨ, ‘ਤੇ ਵਿਸ਼ੇਸ਼ ਕਾਸੋ ਆਪਰੇਸ਼ਨ ਚਲਾਇਆ ਗਿਆ।



ਹਰ ਪੁਆਇੰਟ ਨੂੰ ਏ.ਸੀ.ਪੀ ਦਰਜੇ ਦੇ ਅਧਿਕਾਰੀ ਦੀ ਸਿੱਧੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੂੰ ਸਾਰੇ ਮੁੱਖ ਰਸਤੇ, ਮਾਰਕੀਟਾਂ ਅਤੇ ਜਨਤਕ ਸਥਾਨਾਂ ‘ਤੇ ਨਿਗਰਾਨੀ ਕਾਇਮ ਰੱਖਣ ਲਈ ਹੁਕਮ ਦਿੱਤੇ ਗਏ ਹਨ। ਸੁਰੱਖਿਆ ਅਭਿਆਸ ਅਤੇ ਤਾਲਮੇਲ ਮੀਟਿੰਗਾਂ ਕਰਵਾਈਆਂ ਗਈਆਂ ਹਨ ਤਾਂ ਜੋ ਸਾਰੇ ਪੁਲਿਸ ਯੂਨਿਟਾਂ ਅਤੇ ਹੋਰ ਵਿਭਾਗਾਂ ਵਿੱਚ ਸੁਚਾਰੂ ਸੰਚਾਰ ਬਣਿਆ ਰਹੇ ਅਤੇ ਪੂਰੇ ਸ਼ਹਿਰ ਵਿੱਚ ਮਜ਼ਬੂਤ ਸੁਰੱਖਿਆ ਪ੍ਰਬੰਧ ਯਕੀਨੀ ਬਣ ਸਕਣ।
CP ਧਨਪ੍ਰੀਤ ਕੌਰ ਨੇ ਕਿਹਾ ਕਿ ਜੋ ਵੀ ਵਿਅਕਤੀ ਸ਼ਾਂਤਮਈ ਮਾਹੌਲ ਨੂੰ ਭੰਗ ਕਰਨ ਜਾਂ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰੇਗਾ, ਉਸ ਨਾਲ ਸਖ਼ਤੀ ਅਤੇ ਬਿਨਾਂ ਕਿਸੇ ਦੇਰੀ ਦੇ ਨਜਿੱਠਿਆ ਜਾਵੇਗਾ।





























