
ਜਲੰਧਰ, ਐਚ ਐਸ ਚਾਵਲਾ। ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਨਸ਼ਾ ਤਸਕਰਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਅਧੀਨ ਕਾਰਵਾਈ ਕਰਦਿਆਂ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 15 ਪੇਟੀਆਂ ਨਜਾਇਜ਼ ਸ਼ਰਾਬ, 61 ਕਿਲੋ 500 ਗ੍ਰਾਮ ਡੋਡੇ ਚੂਰਾ ਪੋਸਤ ਅਤੇ 2 ਕਾਰਾਂ ਬਰਾਮਦ ਕੀਤੀਆਂ ਹਨ।


ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਕਮਿਸ਼ਨਰ, ਸ਼੍ਰੀਮਤੀ ਧਨਪ੍ਰੀਤ ਕੌਰ, IPS ਨੇ ਦੱਸਿਆ ਕਿ ਸ਼ਹਿਰ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਅਤੇ ਨਸ਼ਾ ਤਸਕਰਾਂ ’ਤੇ ਸਖ਼ਤ ਨਜ਼ਰ ਰੱਖਣ ਲਈ ਪੁਲਿਸ ਵੱਲੋਂ ਲਗਾਤਾਰ ਕਾਰਵਾਈਆਂ ਜਾਰੀ ਹਨ। ਉਹਨਾਂ ਦੱਸਿਆ ਕਿ ਇੰਸਪੈਕਟਰ ਸ਼੍ਰੀ ਸਰਬਜੀਤ ਸਿੰਘ ਦੀ ਅਗਵਾਈ ਹੇਠ ਕ੍ਰਾਈਮ ਬ੍ਰਾਂਚ ਦੀ ਪੁਲਿਸ ਟੀਮ ਨੇ ਸੋਢਲ ਚੌਕ, ਜਲੰਧਰ ਨੇੜੇ ਦੌਰਾਨੇ ਗਸ਼ਤ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲੈਂਦਿਆਂ ਇਕ ਹੋਰ ਦੋਸ਼ੀ ਸੁਸ਼ਾਂਤ ਉਰਫ਼ ਚੀਕੂ ਪੁੱਤਰ ਰਾਜੇਸ਼ ਕੁਮਾਰ ਵਾਸੀ ਮਕਾਨ ਨੰਬਰ EG-1086-C, ਮੁਹੱਲਾ ਗੋਬਿੰਦਗੜ੍ਹ, ਥਾਣਾ ਨਵੀਂ ਬਾਰਾਦਰੀ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀ ਦੇ ਕਬਜ਼ੇ ਵਿਚੋਂ ਵੱਖ-ਵੱਖ ਮਾਰਕਿਆਂ ਦੀਆਂ 15 ਪੇਟੀਆਂ ਨਜਾਇਜ਼ ਸ਼ਰਾਬ ਅਤੇ ਕਾਰ ਨੰਬਰ DL-7CL-3048 ਮਾਰਕਾ i10 (ਚਿੱਟੀ ਰੰਗ) ਬਰਾਮਦ ਕੀਤੀ ਗਈ। ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 239 ਮਿਤੀ 08.10.2025 ਧਾਰਾ 61-1-14 ਐਕਸਾਈਜ਼ ਐਕਟ ਤਹਿਤ ਥਾਣਾ ਡਿਵੀਜ਼ਨ ਨੰਬਰ 8 ਜਲੰਧਰ ਵਿੱਚ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਕ੍ਰਾਈਮ ਬ੍ਰਾਂਚ ਦੀ ਟੀਮ ਨੇ ਹੋਰ ਇਕ ਸਫਲਤਾ ਪ੍ਰਾਪਤ ਕਰਦਿਆਂ ਫੋਕਲ ਪਾਇੰਟ ਚੌਕ, ਜਲੰਧਰ ਨੇੜੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਅਤੇ ਉਸਦੇ ਕਬਜ਼ੇ ਵਿਚੋਂ 61 ਕਿਲੋ 500 ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਸਕਾਰਪੀਓ ਕਾਰ ਨੰਬਰ PB09-AH-9868 (ਚਿੱਟੀ ਰੰਗ) ਬਰਾਮਦ ਕੀਤੀ। ਦੋਸ਼ੀ ਦੀ ਪਛਾਣ ਹਰਜੀਤ ਸਿੰਘ ਪੁੱਤਰ ਜਸਬੀਰ ਸਿੰਘ, ਵਾਸੀ ਪਿੰਡ ਹਰੀਪੁਰ, ਥਾਣਾ ਆਦਮਪੁਰ, ਜਲੰਧਰ ਵਜੋਂ ਹੋਈ। ਇਸ ਸਬੰਧ ਵਿੱਚ ਮੁਕੱਦਮਾ ਨੰਬਰ 240 ਮਿਤੀ 09.10.2025 ਧਾਰਾ 15, 61, 85 NDPS ਐਕਟ ਤਹਿਤ ਥਾਣਾ ਡਿਵੀਜ਼ਨ ਨੰਬਰ 8, ਜਲੰਧਰ ਵਿੱਚ ਦਰਜ ਕੀਤਾ ਗਿਆ ਹੈ।
* CP ਜਲੰਧਰ ਧਨਪ੍ਰੀਤ ਕੌਰ ਨੇ ਮੁੜ ਦੁਹਰਾਇਆ ਕਿ ਅਸੀਂ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਯਕੀਨੀ ਬਣਾਉਣ ਲਈ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਦੇ ਰਹਾਂਗੇ।*





























