
ਜਲੰਧਰ, ਐਚ ਐਸ ਚਾਵਲਾ। ਮਾਨਯੋਗ JMIC ਰਵਿੰਦਰ ਸਿੰਘ ਰਾਣਾ ਦੀ ਅਦਾਲਤ ਨੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ‘ਚ ਦੋਸ਼ ਸਾਬਤ ਨਾ ਹੋਣ ‘ਤੇ ਸ਼ਿਕਾਇਤ ਕਰਤਾ ਸਪਰਦਾ ਪੁੱਤਰੀ ਰਜਿੰਦਰ ਕੁਮਾਰ ਵਾਸੀ ਇੰਡਸਟਰੀਅਲ ਏਰੀਆ, ਜਲੰਧਰ ਦੇ ਪਤੀ ਅਮਨ ਭਸੀਨ ਪੁੱਤਰ ਸੁਸ਼ੀਲ ਭਸੀਨ, ਸਹੁਰੇ ਸੁਸ਼ੀਲ ਭਸੀਨ ਪੁੱਤਰ ਕਸਤੂਰੀ ਲਾਲ ਅਤੇ ਸੱਸ ਸ਼ੀਤਲ ਭਸੀਨ ਪਤਨੀ ਸੁਸ਼ੀਲ ਭਸੀਨ ਵਾਸੀ ਪੰਚਕੂਲਾ, ਹਰਿਆਣਾ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਭਸੀਨ ਪਰਿਵਾਰ ਦੇ ਵਕੀਲ ਜਤਿੰਦਰ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਅੱਕਲਾਂ ਦੇ ਖ਼ਿਲਾਫ਼ ਮਿਤੀ 24 ਨਵੰਬਰ 2014 ਨੂੰ ਥਾਣਾ ਮਹਿਲਾ ਵਿਖੇ ਧਾਰਾ 498-ਏ ਅਤੇ 406 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਸਪਰਦਾ ਪੁੱਤਰੀ ਰਜਿੰਦਰ ਕੁਮਾਰ ਨੇ ਸ਼ਿਕਾਇਤ ‘ਚ ਕਿਹਾ ਸੀ ਕਿ ਉਸ ਦੇ ਸਹੁਰਾ ਪਰਿਵਾਰ ਵਾਲੇ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਸਨ, ਜਿਸ ਤੋਂ ਤੰਗ ਆ ਕੇ ਉਸਨੇ ਇਨ੍ਹਾਂ ਖ਼ਿਲਾਫ਼ ਇਹ ਮਾਮਲਾ ਦਰਜ ਕਰਵਾਇਆ ਸੀ।
ਐਡਵੋਕੇਟ ਜਤਿੰਦਰ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਹੁਣ ਦੂਜਾ ਵਿਆਹ ਵੀ ਕਰਵਾ ਲਿਆ ਹੈ ਤੇ ਉਸਦਾ ਬੱਚਾ ਵੀ ਹੈ ਤੇ ਉਸਨੇ ਜੋ ਵੀ ਦਾਜ ਮੰਗਣ ਸਬੰਧੀ ਦੋਸ਼ ਲਗਾਏ ਹਨ, ਉਹ ਵੀ ਬਿਲਕੁਲ ਝੂਠੇ ਅਤੇ ਬੇਬੁਨਿਆਦ ਹਨ।
ਐਡਵੋਕੇਟ ਜਤਿੰਦਰ ਅਰੋੜਾ ਨੇ ਦੱਸਿਆ ਕਿ ਅਦਾਲਤ ਨੇ ਦੋਵਾਂ ਪੱਖ ਦੇ ਵਕੀਲਾਂ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਸੁਣਨ ਤੋਂ ਬਾਅਦ ਭਸੀਨ ਪਰਿਵਾਰ ਦੇ ਹੱਕ ‘ਚ ਫੈਸਲਾ ਸੁਣਾਉਂਦੇ ਹੋਏ ਸ਼ਿਕਾਇਤ ਕਰਤਾ ਦੇ ਪਤੀ ਅਮਨ ਭਸੀਨ , ਸਹੁਰੇ ਸੁਸ਼ੀਲ ਭਸੀਨ ਅਤੇ ਸੱਸ ਸ਼ੀਤਲ ਭਸੀਨ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ।





























