ਆਰ.ਟੀ.ਸੀ. ਜਲੰਧਰ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ

ਜਲੰਧਰ, ਐਚ ਐਸ ਚਾਵਲਾ। ਕਮਾਂਡੈਟ ਮਨਦੀਪ ਸਿੰਘ ਗਿੱਲ ਅਤੇ ਡੀ.ਐਸ.ਪੀ.(ਸਿਖਲਾਈ) ਸੁਭਾਸ਼ ਚੰਦਰ ਅਰੋੜਾ ਨੇ ਸ਼ਨੀਵਾਰ ਨੂੰ ਆਰ.ਟੀ.ਸੀ.ਜਲੰਧਰ ਵਿਖੇ ਟ੍ਰੇਨਿੰਗ ਸੈਂਟਰ ਦੇ ਸਟਾਫ਼ ਅਤੇ ਸਿਖਿਆਰਥੀਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ। ਸਟਾਫ਼ ਅਤੇ ਸਿਖਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ।
ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਇਸ ਟ੍ਰੇਨਿੰਗ ਸੈਂਟਰ ਵਿੱਚ ਪੰਜਾਬ ਆਰਮਡ ਪੁਲਿਸ ਦੇ ਜਵਾਨਾਂ ਤੋਂ ਇਲਾਵਾ 600 ਲੜਕੇ ਅਤੇ ਲੜਕੀਆਂ ਚੰਡੀਗੜ੍ਹ ਪੁਲਿਸ ਦੇ ਜਵਾਨ ਵੀ ਟ੍ਰੇਨਿੰਗ ਪ੍ਰਾਪਤ ਕਰ ਰਹੇ ਹਨ, ਜੋ 10 ਦਿਨ ਪਹਿਲਾਂ ਹੀ ਇਸ ਟ੍ਰੇਨਿੰਗ ਸੈਂਟਰ ਵਿੱਚ ਸਿਖਲਾਈ ਹਾਸਲ ਕਰਨ ਲਈ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਖਿਆਰਥੀਆਂ ਲਈ ਲੋਹੜੀ ਦਾ ਤਿਉਹਾਰ ਨਵਾਂ ਹੈ ਕਿਉਂਕਿ ਇਨ੍ਹਾਂ ਦੇ ਇਲਾਕਿਆਂ ਵਿੱਚ ਇਹ ਤਿਉਹਾਰ ਨਹੀਂ ਮਨਾਇਆ ਜਾਂਦਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਿਖਿਆਰਥੀਆਂ ਨੂੰ ਘਰ ਵਾਲਾ ਮਾਹੌਲ ਦੇਣ ਲਈ ਇਨ੍ਹਾਂ ਦੇ ਨਾਲ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਟ੍ਰੇਨਿੰਗ ਸੈਂਟਰ ਦੇ ਸਿਖਿਆਰਥੀਆਂ ਨੇ ਆਪਸ ਵਿੱਚ ਰਿਓੜੀਆਂ ਅਤੇ ਮੂੰਗਫਲੀ ਵੰਡ ਕੇ ਇਸ ਤਿਉਹਾਰ ਦੀਆਂ ਖੁਸ਼ੀਆ ਸਾਂਝੀਆਂ ਕੀਤੀਆਂ।





























